ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਵੱਲੋਂ ਪੰਜਾਬ ਵਿੱਚ ਵਾਤਾਵਰਨ ਤੇ ਪਾਣੀ ਦੇ ਘੱਟਦੇ ਪੱਧਰ ‘ਤੇ ਚਿੰਤਾ ਜਤਾਈ ਗਈ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਸੂਬੇ ਵਿੱਚ ਪਾਣੀ ਅਤੇ ਵਾਤਾਵਰਨ ਨੂੰ ਬਚਾਉਣ ਲਈ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ ਦੀ ਮੰਗ ਕੀਤੀ ਹੈ। ਰਾਜੇਵਾਲ ਨੇ ਮੰਗ ਰੱਖਦਿਆਂ ਕਿਹਾ ਕਿ ਪੰਜਾਬ ਸਰਕਾਰ ਇੱਕ ਅਜਿਹਾ ਕਾਨੂੰਨ ਬਣਾਵੇ ਕਿ ਹਰ ਕਿਸਾਨ ਦੀ ਟਿਊਬਵੈੱਲ ਨੇੜੇ ਦਸ ਬੂਟੇ ਲਗਾਉਣ ਦੀ ਜ਼ਿੰਮੇਵਾਰ ਤੈਅ ਕੀਤੀ ਜਾਵੇ। ਇਸਦੇ ਲਈ ਉਸ ਦਾ ਬਕਾਇਦਾ ਇੱਕ ਕਾਰਡ ਬਣਾਇਆ ਜਾਵੇ, ਜਿਸਨੂੰ ਹਰ ਪੰਜ ਸਾਲ ਬਾਅਦ ਰੀਨਿਊ ਕੀਤਾ ਜਾਵੇ ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪੰਜ ਮਰਲੇ ਦੇ ਘਰ ਵਿੱਚ ਦੋ ਬੂਟੇ ਅਤੇ ਦਸ ਮਰਲੇ ਦੇ ਘਰ ਵਿੱਚ ਚਾਰ ਬੂਟੇ ਲਗਾਉਣੇ ਲਾਜ਼ਮੀ ਕੀਤੇ ਜਾਣ । ਇਨ੍ਹਾਂ ਦਾ ਵੀ ਕਾਰਡ ਬਣਾਇਆ ਜਾਵੇ। ਜੇ ਕੋਈ ਇਸ ਕਾਨੂੰਨ ਦੀ ਉਲੰਘਣਾ ਕਰਦਾ ਹੈ ਕਿ ਤਾਂ ਉਸ ਦਾ ਸਰਕਾਰੇ-ਦਰਬਾਰੇ ਕੋਈ ਕੰਮ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਪਾਣੀ ਅਤੇ ਵਾਤਾਵਰਨ ਨੂੰ ਬਚਾਉਣ ਲਈ ਜੁਲਾਈ ਮਹੀਨੇ ਤੱਕ ਕੋਈ ਕਦਮ ਨਾ ਚੁੱਕੇ ਤਾਂ ਜਥੇਬੰਦੀ ਅਗਸਤ ਮਹੀਨੇ ਤੋਂ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਲਗਾਵੇਗੀ।
ਕਿਸਾਨ ਆਗੂ ਨੇ ਪੰਜਾਬ ਵਿੱਚ ਲਗਾਤਾਰ ਹੇਠਾਂ ਜਾ ਰਹੇ ਪਾਣੀ ਦੇ ਪੱਧਰ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਭਵਿੱਖ ਲਈ ਹਾਲਾਤ ਸੁਖਾਵੇਂ ਨਹੀਂ ਹਨ ਕਿਉਂਕਿ ਅਸੀਂ ਧਰਤੀ ਹੇਠਲੇ ਪਾਣੀ ਦੀ ਅਖੀਰਲੀ ਤੈਅ ਦਾ ਪਾਣੀ ਵਰਤ ਰਹੇ ਹਨ । ਉਨ੍ਹਾਂ ਕਿਹਾ ਕਿ ਯੂਐੱਸਏ ਦੀ ਇੱਕ ਕੰਪਨੀ ਨੇ ਖ਼ੁਦ ਨੂੰ ਪਾਣੀ ਵੇਚਣ ਲਈ ਰਜਿਸਟਰਡ ਕਰਵਾਇਆ ਹੈ ਅਤੇ ਦਾਅਵਾ ਕੀਤਾ ਹੈ ਕਿ ਸੰਨ 2025 ਤੱਕ ਦੁਨੀਆ ਦੀ ਦੋ ਤਿਹਾਈ ਆਬਾਦੀ ਪਾਣੀ ਤੋਂ ਵਾਂਝੀ ਹੋਵੇਗੀ। ਰਾਜੇਵਾਲ ਨੇ ਦੱਸਿਆ ਕਿ ਵਾਤਾਵਰਨ ਅਤੇ ਪਾਣੀਆਂ ਦੇ ਮੁੱਦੇ ’ਤੇ ਪੰਜਾਬ ਸਰਕਾਰ ਨੂੰ ਜੁਲਾਈ ਮਹੀਨੇ ਵਿੱਚ ਇੱਕ ਨੋਟਿਸ ਦਿੱਤਾ ਜਾਵੇਗਾ, ਜੇਕਰ ਸਰਕਾਰ ਨੇ ਇਨ੍ਹਾਂ ਮੁੱਦਿਆਂ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਅਗਸਤ ਤੋਂ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: