Balwinder Singh arrested : ਨਵੀਂ ਦਿੱਲੀ : ਅਖੀਰ 9 ਦਿਨ ਦੇ ਸੰਘਰਸ਼ ਤੋਂ ਬਾਅਦ ਸਿੱਖ ਭਾਈਚਾਰੇ ਨੂੰ ਉਦੋਂ ਵੱਡੀ ਸਫਲਤਾ ਮਿਲੀ ਜਦੋਂ ਪੱਛਮੀ ਬੰਗਾਲ ਸਰਕਾਰ ਬਲਵਿੰਦਰ ਸਿੰਘ ਨੂੰ ਰਿਹਾਅ ਕਰ ਦਿੱਤਾ ਅਤੇ ਉਸ ਖਿਲਾਫ ਦਰਜ ਸਾਰੇ ਕੇਸ ਖਾਰਿਜ ਕਰਨ ਲਈ ਸਹਿਮਤੀ ਦੇ ਦਿੱਤੀ। ਇਸ ਲਈ ਬਲਵਿੰਦਰ ਸਿੰਘ ਦੀ ਪਤਨੀ ਕਰਮਜੀਤ ਕੌਰ ਤੇ ਮਨਜਿੰਦਰ ਸਿੰਘ ਸਿਰਸਾ ਨੇ ਸਿੰਘ ਸਾਹਿਬ ਅਤੇ ਸਿੰਘ ਸਭਾਵਾਂ ਸਮੇਤ ਸਮੁੱਚੀ ਸਿੱਖ ਸੰਗਤ ਤੇ ਡੀਜੀਪੀ ਦਾ ਧੰਨਵਾਦ ਕੀਤਾ। ਇਸ ਬਾਰੇ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਪਤਨੀ ਕਰਮਜੀਤ ਕੌਰ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਆਖੀਰ 9 ਦਿਨ ਦੇ ਲੰਬੇ ਸੰਘਰਸ਼ ਤੋਂ ਬਾਅਦ ਕੋਲਕਾਤਾ ਦੀ ਸਮੁੱਚੀ ਸਿੱਖ ਸੰਗਤ, ਸਿੰਘ ਸਭਾਵਾਂ ਤੇ ਦੁਨੀਆ ਭਰ ਦੇ ਸਿੱਖਾਂ ਦੀ ਅਰਦਾਸ ਸਫਲ ਹੋਈ ਹੈ ਤੇ ਪੱਛਮੀ ਬੰਗਾਲ ਸਰਕਾਰ ਬਲਵਿੰਦਰ ਸਿੰਘ ਨੂੰ ਰਿਹਾਅ ਕਰਨ ’ਤੇ ਕੇਸ ਖਾਰਿਜ ਕਰਨ ਲਈ ਸਹਿਮਤ ਹੋ ਗਈ ਹੈ।
ਉਨ੍ਹਾਂ ਕਿਹਾ ਕਿ ਇਹ ਦੁਨੀਆ ਭਰ ਦੇ ਸਿੱਖਾਂ ਦੀ ਬਹੁਤ ਵੱਡੀ ਜਿੱਤ ਹੈ। ਉਨ੍ਹਾਂ ਦੱਸਿਆ ਕਿ ਇਸ ਮਸਲੇ ਨੂੰ ਹੱਲ ਕਰਨ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਪੱਛਮੀ ਬੰਗਾਲ ਦੇ ਡੀ ਜੀ ਪੀ ਵਰਿੰਦਰ ਸਿੰਘ ਤੋਂ ਇਲਾਵਾ ਕੋਲਕਾਤਾ ਦੀ ਸਿੱਖ ਸੰਗਤ ਤੇ ਸਿੰਘ ਸਭਾਵਾਂ ਦਾ ਵੱਡਾ ਰੋਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿੰਘ ਸਾਹਿਬ ਅਤੇ ਸਿੰਘ ਸਭਾਵਾਂ ਨੇ ਸਮਝਾਇਆ ਕਿ ਬਲਵਿੰਦਰ ਸਿੰਘ ਕਿਤੇ ਵੀ ਦੋਸ਼ੀ ਨਹੀਂ, ਉਸਦਾ ਲਾਇਸੰਸ ਵੀ ਆਲ ਇੰਡੀਆ ਹੈ ਤੇ ਉਹ ਸਾਬਕਾ ਫੌਜੀ ਹੈ ਜਿਸਨੇ 20 ਸਾਲ ਦੇਸ਼ ਦੀ ਸੇਵਾ ਕੀਤੀ ਹੈ। ਇਨ੍ਹਾਂ ਪ੍ਰਤੀਨਿਧਾਂ ਨੇ ਅਫਸਰ ਨੂੰ ਸਾਰੇ ਦਸਤਾਵੇਜ਼ ਵੀ ਵਿਖਾਏ ਤੇ ਗਲਤਫਹਿਮੀਆਂ ਦੂਰ ਕੀਤੀਆਂ। ਇਸ ਉਪਰੰਤ ਸਰਕਾਰ ਨੇ ਬਲਵਿੰਦਰ ਸਿੰਘ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਤੇ ਇਹ ਵੀ ਭਰੋਸਾ ਦਿੱਤਾ ਕਿ ਉਨ੍ਹਾਂ ਖਿਲਾਫ ਦਰਜ ਕੀਤੇ ਗਏ ਸਾਰੇ ਕੇਸ ਵੀ ਖਾਰਿਜ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਬੇਸ਼ੱਕ ਸੰਘਰਸ਼ ਨੂੰ 9 ਦਿਨ ਲੱਗ ਗਏ ਪਰ ਸਿੱਖਾਂ ਦੀ ਇਜਕੁੱਟਤਾ ਅਤੇ ਕੋਲਕਾਤਾ ਦੇ ਸਾਰੇ ਸਿੱਖਾਂ ਤੇ ਸਿੰਘ ਸਭਾਵਾਂ ਦੇ ਅਹਿਮ ਰੋਲ ਸਦਕਾ ਸਦਕਾ ਸਿੱਖ ਸਰਕਾਰ ਨੂੰ ਦਸਤਾਰ ਅਤੇ ਕੇਸਾਂ ਦੀ ਅਹਿਮੀਅਤ ਤੇ ਬਲਵਿੰਦਰ ਸਿੰਘ ਦੇ ਬਕਸੂਰ ਹੋਣ ਦੀ ਗੱਲ ਸਮਝਾਉਣ ਵਿਚ ਸਫਲ ਰਹੇ।
ਕਰਮਜੀਤ ਕੌਰ ਤੇ ਸ. ਸਿਰਸਾ ਨੇ ਦੱਸਿਆ ਕਿ ਬਲਵਿੰਦਰ ਸਿੰਘ ਨੂੰ ਜਦੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਤਾਂ ਉਦੋਂ ਵੀ ਉਨ੍ਹਾਂ ਨੇ ਸੰਜਮ ਬਰਕਰਾਰ ਰੱਖਿਆ ਤੇ ਪੁਲਿਸ ਮੁਲਾਜ਼ਮਾਂ ਖਿਲਾਫ ਕੋਈ ਰੁੱਖ ਨਹੀਂ ਅਪਣਾਇਆ ਬਲਕਿ ਆਪਣੀ ਦਸਤਾਰ ਤੇ ਕੇਸਾਂ ਦੀ ਸੰਭਾਲ ਹੀ ਕਰਦੇ ਰਹੇ। ਉਨ੍ਹਾਂ ਕਿਹਾ ਕਿ ਬਲਵਿੰਦਰ ਸਿੰਘ ਦੇ ਮਾਮਲੇ ‘ਤੇ ਦੁਨੀਆ ਭਰ ਦੇ ਸਿੱਖਾਂ ਵਿਚ ਚਿੰਤਾ ਤੇ ਰੋਹ ਸੀ ਤੇ ਪੱਛਮੀ ਬੰਗਾਲ ਸਰਕਾਰ ਵੱਲੋਂ ਸਹੀ ਫੈਸਲਾ ਲੈਣ ਨਾਲ ਸਮੁੱਚੇ ਭਾਈਚਾਰੇ ਨੇ ਸੰਤੁਸ਼ਟੀ ਜ਼ਾਹਰ ਕੀਤੀ ਹੈ। ਉਹਨਾਂ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਡੀਜੀਪੀ ਪੱਛਮੀ ਬੰਗਾਲ ਅਤੇ ਪੱਛਮੀ ਬੰਗਾਲ ਸਰਕਾਰ ਤੇ ਸਾਥ ਦੇਣ ਵਾਲੀਆਂ ਸਿੰਘ ਸਭਾਵਾਂ ਅਤੇ ਕੋਲਕਾਤਾ ਤੇ ਸਮੁੱਚੀ ਦੁਨੀਆਂ ਦੀ ਸਿੱਖ ਸੰਗਤ ਦਾ ਧੰਨਵਾਦ ਕੀਤਾ।