Bathinda police make : ਬਠਿੰਡਾ : ਜੀ. ਐੱਸ. ਸੰਘਾ ਐੱਸ. ਪੀ. ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਨੌਜਵਾਨ ਨਕਲੀ ਕਰੰਸੀ ਛਾਪਣ ਦਾ ਕੰਮ ਕਰ ਰਹੇ ਹਨ ਜਿਸ ਨੂੰ ਕਾਬੂ ਕਰਨ ਲਈ ਪੁਲਿਸ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ ਅਤੇ ਇਸੇ ਅਧੀਨ ਸਫਲਤਾ ਹਾਸਲ ਕਰਦੇ ਹੋਏ ਪੰਜਾਬ ਪੁਲਿਸ ਨੇ 2 ਨੌਜਵਾਨਾਂ ਨੂੰ ਸਾਢੇ 9 ਲੱਖ ਦੀ ਨਕਲੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।
ਇਨ੍ਹਾਂ ਨੌਜਵਾਨਾਂ ਦੀ ਪਛਾਣ ਪੰਕਜ ਤੇ ਸੋਨੂੰ ਵਜੋਂ ਹੋਈ ਹੈ ਤੇ ਇਨ੍ਹਾਂ ਨੂੰ ਡੂਮਵਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਪੰਜਾਬ ਤੇ ਹਰਿਆਣਾ ਦਾ ਬਾਰਡਰ ਹੈ। ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਕੋਲ ਲਗਭਗ 3.5 ਲੱਖ ਦੀ ਨਕਲੀ ਕਰੰਸੀ ਜੇਬਾਂ ‘ਚੋਂ ਬਰਾਮਦ ਹੋਈ। ਉਸ ਤੋਂ ਬਾਅਦ ਉਨ੍ਹਾਂ ਦੇ ਘਰਾਂ ‘ਚ ਛਾਪੇਮਾਰੀ ਕੀਤੀ ਗਈ ਤਾਂ ਹੋਰ ਕੁਝ ਨਕਲੀ ਕਰੰਸੀ ਬਰਾਮਦ ਹੋਈ ਜਿਸ ‘ਚ ਕੁੱਲ ਮਿਲਾ ਕੇ ਸਾਢੇ 9 ਲੱਖ ਦੀ ਕਰੰਸੀ ਬਰਾਮਦ ਹੋਈ। ਇਨ੍ਹਾਂ ਕੋਲੋਂ ਇੱਕ ਕਲਰ ਪ੍ਰਿੰਟਰ ਅਤੇ ਫਾਈਨ ਕੁਆਲਟੀ ਦੇ ਪੇਪਰ ਵੀ ਮਿਲੇ ਹਨ।
ਪੁਲਿਸ ਨੇ ਦੱਸਿਆ ਕਿ 2000 ਦੇ 170 ਨੋਟ, 500 ਦੇ 1000 ਨੋਟ ਅਤੇ 200 ਦੇ ਢਾਈ ਸੌ ਨੋਟ, 100 ਦੇ 600 ਨੋਟ ਬਰਾਮਦ ਹੋਏ ਹਨ ਜਿਨ੍ਹਾਂ ਦੀ ਕੁੱਲ ਰਕਮ 9.5 ਲੱਖ ਰੁਪਏ ਬਣਦੀ ਹੈ। ਦੋਵਾਂ ਦੋਸ਼ੀਆਂ ‘ਚੋਂ ਪੰਕਜ ਇੱਕ ਧਾਰਮਿਕ ਕਿਤਾਬਾਂ ਵਾਲੀ ਦੁਕਾਨ ‘ਤੇ ਕੰਮ ਕਰਦਾ ਹੈ ਤੇ ਦੂਜਾ ਦੋਸ਼ੀ ਸੋਨੂੰ ਜੁੱਤੀ ਦੀ ਦੁਕਾਨ ‘ਤੇ ਲੱਗਾ ਹੋਇਆ ਹੈ। ਇਹ ਲੋਕ ਆਨਲਾਈਨ ਫਾਈਨ ਕੁਆਲਟੀ ਦੇ ਪੇਪਰ ਮੰਗਵਾਉਂਦੇ ਸਨ ਜਿਨ੍ਹਾਂ ਦੀ ਵਰਤੋਂ ਕਰਕੇ ਨਕਲੀ ਨੋਟ ਬਣਾਏ ਜਾਂਦੇ ਸਨ। ਇਹ ਲੋਕ 50,000 ਅਸਲ ਨਕਦੀ ਦੇ ਬਦਲੇ 1,00,000 ਨਕਲੀ ਕਰੰਸੀ ਦੇਣ ਦਾ ਪਲਾਨ ਸੀ ਅਤੇ ਹੁਣ ਤੱਕ ਇਹ ਲਗਭਗ 15 ਤੋਂ 20000 ਤੱਕ ਮਾਰਕੀਟ ‘ਚ ਚਲਾ ਚੁੱਕੇ ਹਨ ਪਰ ਵੱਧ ਗਿਣਤੀ ‘ਚ ਇਸਤੇਮਾਲ ਕਰਨ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।