BCCI interrogated Dandiwal : ਸਵਾੜਾ ਵਿਚ ਸ਼੍ਰੀਲੰਕਾ ਦਾ ਫਰਜ਼ੀ ਟੂਰਨਾਮੈਂਟ ਕਰਵਾ ਕੇ ਆਨਲਾਈਨ ਸੱਟਾ ਲਗਵਾਉਣ ਵਾਲੇ ਰਵਿੰਦਰ ਡੰਡੀਵਾਲ ਅਤੇ ਉਸ ਦੇ ਦੋ ਸਾਥੀਆਂ ਨੂੰ ਮੋਹਾਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸ ਦੀ ਪੁੱਛ ਗਿੱਛ ਲਈ ਬੀਸੀਸੀਆਈ (ਭਾਰਤੀ ਕ੍ਰਿਕੇਟ ਕੰਟਰੋਲ ਬੋਰਡ) ਦੀ ਟੀਮ ਬੀਤੇ ਦਿਨ ਮੋਹਾਲੀ ਪਹੁੰਚੀ, ਜਿਥੇ ਖਰੜ ਥਾਣੇ ਵਿਚ ਤਿੰਨੋਂ ਦਸ਼ੀਆਂ ਨਾਲ ਲਗਭਗ ਚਾਰ ਘੰਟੇ ਪੁੱਛਗਿੱਛ ਚੱਲੀ। ਇਸ ਦੌਰਾਨ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਡੰਡੀਵਾਲ ਨੂੰ ਹਰ ਮੈਚ ਦੀ ਫੋਟੋ ਅਤੇ ਵੀਡੀਓ ਦਿਖਾ ਕੇ ਜਵਾਬ ਮੰਗੇ ਗਏ।
ਮੋਹਾਲੀ ਦਿਹਾਤ ਐਸਪੀ ਪ੍ਰਭਜੋਤ ਗਰੇਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਸੀਸੀਆਈ ਦੀ ਟੀਮ ਨੇ ਰਵਿੰਦਰ ਕੋਲੋਂ ਕੁਝ ਅਹਿਮ ਦਸਤਾਵੇਜ਼ ਹਾਸਲ ਕੀਤੇ ਹਨ, ਜਿਨ੍ਹਾਂ ਵਿਚ ਕਈ ਖਾਸ ਜਾਣਕਾਰੀਆਂ ਮਿਲੀ ਹੈ। ਇਨ੍ਹਾਂ ਨਾਲ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਇਸ ਕੇਸ ਨਾਲ ਸਬੰਧਤ ਸਾਰੀਆਂ ਜਾਣਕਾਰੀਆਂ ਬੋਰਡ ਦੇ ਮੈਂਬਰਾਂ ਨੂੰ ਦੇ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਵਿਚ ਕੁਝ ਵੱਡੇ ਘਰਾਨਿਆਂ ਦੇ ਨਾਂ ਵੀ ਸਾਹਮਣੇ ਆ ਰਹੇ ਹਨ। ਬੀਸੀਸੀਆਈ ਦੀ ਐਂਟੀ ਕੁਰੱਪਸ਼ਨ ਵਿੰਗ ਦੇ ਜ਼ੋਨਲ ਆਪ੍ਰੇਸ਼ਨਲ ਮੈਨੇਜਰ ਅਲੋਕ ਕੁਮਾਰ ਅਤੇ ਬੀਸੀਆਈ ਦੇ ਮੈਂਬਰ ਅੰਸ਼ੁਮਨ ਨੇ ਦੋਸ਼ੀਆਂ ਤੋਂ ਪੁੱਛਗਿੱਛ ਤੋਂ ਇਲਾਵਾ ਕਰੜ ਵਿਚ ਪਿੰਡ ਸਵਾੜਾ ਦੇ ਕ੍ਰਿਕਟ ਗ੍ਰਾਊਂਡ ਦਾ ਦੌਰਾ ਵੀ ਕੀਤਾ।
ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਵਿੰਦਰ ਸਿੰਘ ਡੰਡੀਵਾਲ ਇਸ ਗਿਰੋਹ ਦਾ ਛੋਟਾ ਜਿਹਾ ਪਿਆਦਾ ਹੈ, ਜਿਸ ਨੂੰ ਸੱਟੇਬਾਜ਼ੀ ਲਈ ਇਸਤੇਮਾਲ ਕੀਤਾ ਗਿਆ ਪਰ ਇਸ ਗਿਰੋਹ ਵਿਚ ਬਹੁਤ ਸਾਰੇ ਸਰਗਣਾ ਸ਼ਾਮਲ ਹਨ, ਜਿਨ੍ਹਾਂ ਦਾ ਪੈਸਾ ਵਿਦੇਸ਼ਾਂ ਤੋਂ ਬੈਟਿੰਗ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਅੰਮ੍ਰਿਤਸਰ ਵਿਚ ਵੀ ਇਸੇ ਤਰ੍ਹਾਂ ਦਾ ਇਕ ਮੈਚ ਕਰਵਾਇਆ ਗਿਆ ਸੀ। ਬੀਸੀਸੀਆਈ ਮੈਂਬਰ ਅੰਸ਼ੁਮਨ ਨੇ ਦੱਸਿਆ ਕਿ ਰਵਿੰਦਰ ਡੰਡੀਵਾਲ ਬਾਰੇ ਬੀਸੀਆਈ ਨੂੰ ਪਹਿਲਾਂ ਤੋਂ ਪਤਾ ਸੀ ਤੇ ਉਸ ਨੇ ਆਪਣੇ ਖਿਡਾਰੀਆਂ ਨੂੰ ਉਸ ਤੋਂ ਦੂਰੀ ਬਣਾਉਣ ਲਈ ਕਿਹਾ ਹੋਇਆਸੀ। ਬੀਸੀਸੀਆਈ ਹੁਣ ਇਸ ਜਾਂਚ ਵਿਚ ਜੁਟੀ ਹੈ ਕਿ ਵਿਦੇਸ਼ਾਂ ਵਿਚ ਜਿਹੜੇ ਟੂਰਨਾਮੈਂਟ ਹੋਏ, ਉਹ ਕਿਸ ਵੱਲੋਂ ਸਪਾਂਸਰ ਕਰਵਾਏ ਗਏ ਸਨ।