ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਗੱਠਜੋੜ ਨੂੰ ਰਸਮੀ ਤੌਰ ‘ਤੇ ਅੰਤਿਮ ਰੂਪ ਦੇ ਦਿੱਤਾ ਹੈ। ਹੁਣ ਭਾਰਤੀ ਜਨਤਾ ਪਾਰਟੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਨਾਲ ਮਿਲ ਕੇ ਪੰਜਾਬ ਵਿਧਾਨ ਸਭਾ ਚੋਣਾਂ ਲੜੇਗੀ।
ਸੋਮਵਾਰ ਨੂੰ ਦਿੱਲੀ ‘ਚ ਅਮਿਤ ਸ਼ਾਹ ਦੇ ਘਰ ਹੋਈ ਬੈਠਕ ‘ਚ ਗੱਠਜੋੜ ਦਾ ਰਸਮੀ ਐਲਾਨ ਕੀਤਾ ਗਿਆ ਹੈ। ਬੈਠਕ ‘ਚ ਸੀਟਾਂ ਦੀ ਵੰਡ ‘ਤੇ ਵੀ ਫੈਸਲਾ ਲਿਆ ਗਿਆ ਹੈ। ਸੀਟਾਂ ਦੀ ਵੰਡ ਲਈ ਤਿੰਨੋਂ ਪਾਰਟੀਆਂ ਦੇ ਦੋ-ਦੋ ਪ੍ਰਤੀਨਿਧਾਂ ਦੀ ਟੀਮ ਬਣਾਈ ਜਾਵੇਗੀ। ਉਸ ਤੋਂ ਬਾਅਦ ਸੀਟਾਂ ਦਾ ਫੈਸਲਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਤਿੰਨਾਂ ਪਾਰਟੀਆਂ ਦਾ ਸਾਂਝਾ ਮੈਨੀਫੈਸਟੋ ਬਣਾਇਆ ਜਾਵੇਗਾ। ਸੂਤਰਾਂ ਮੁਤਾਬਕ ਭਾਜਪਾ ਇਸ ਗੱਠਜੋੜ ‘ਚ ‘ਵੱਡੇ ਭਰਾ’ ਦੀ ਭੂਮਿਕਾ ‘ਚ ਬਣੇ ਰਹਿਣਾ ਚਾਹੁੰਦੀ ਹੈ ਅਤੇ ਰਾਜ ਵਿਧਾਨ ਸਭਾ ਦੀਆਂ 117 ‘ਚੋਂ 70 ਦੇ ਕਰੀਬ ਸੀਟਾਂ ਆਪਣੇ ਕੋਲ ਰੱਖਣਾ ਚਾਹੁੰਦੀ ਹੈ। ਕੈਪਟਨ ਦੀ ਪਾਰਟੀ ਨੂੰ 30-35 ਦੇ ਕਰੀਬ ਸੀਟਾਂ ਅਤੇ ਢੀਂਡਸਾ ਦੀ ਪਾਰਟੀ ਨੂੰ 10-15 ਸੀਟਾਂ ਮਿਲ ਸਕਦੀਆਂ ਹਨ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਬਿਆਨ ‘ਤੇ ਭੜਕੇ ਰਵਨੀਤ ਬਿੱਟੂ, ਪੰਜਾਬ ਪੁਲਿਸ ਤੋਂ ਮੰਗੀ ਮੁਆਫੀ, ਜਾਣੋ ਕੀ ਕਿਹਾ
ਪੰਜਾਬ ਵਿੱਚ ਗੱਠਜੋੜ ਦੀ ਚੋਣ ਮੁਹਿੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਨਵਰੀ ਦੇ ਪਹਿਲੇ ਹਫ਼ਤੇ ਇੱਕ ਰੈਲੀ ਕਰਕੇ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ। ਪੰਜਾਬ ਕਾਂਗਰਸ ਵਿੱਚ ਬਗਾਵਤ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਅਤੇ ਪਾਰਟੀ ਤੋਂ ਅਸਤੀਫਾ ਦੇਣ ਵਾਲੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਗਠਜੋੜ ਦੀ ਪੁਸ਼ਟੀ ਕਰਦਿਆਂ ਕਿਹਾ ਸੀ ਕਿ ਸਿਰਫ਼ ਸੀਟਾਂ ਦੀ ਵੰਡ ਨੂੰ ਅੰਤਿਮ ਰੂਪ ਦਿੱਤਾ ਜਾਣਾ ਬਾਕੀ ਹੈ। ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਤੋਂ ਬਾਅਦ ਕੈਪਟਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਸੀ, ”ਅਸੀਂ ਦੇਖਾਂਗੇ ਕਿ ਕੌਣ ਕਿੱਥੋਂ ਲੜੇਗਾ, ਜਿੱਤਣ ਦੀਆਂ ਸੰਭਾਵਨਾਵਾਂ ਨੂੰ ਧਿਆਨ ‘ਚ ਰੱਖ ਕੇ ਹੀ ਸੀਟਾਂ ਦੀ ਚੋਣ ਕੀਤੀ ਜਾਵੇਗੀ।”
ਵੀਡੀਓ ਲਈ ਕਲਿੱਕ ਕਰੋ -: