BJP leader Harjeet : ਫਤਿਹਗੜ੍ਹ ਸਾਹਿਬ : ਭਾਜਪਾ ਨੇਤਾ ਹਰਜੀਤ ਗਰੇਵਾਲ ਵਲੋਂ ਸਿੱਖਾਂ ਦੀ ਸਰਬ ਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਾਰੇ ਕੀਤੀ ਗਈ ਵਿਵਾਦਿਤ ਟਿੱਪਣੀ ਦੇ ਖਿਲਾਫ ਸਿੱਖਾਂ ਦੇ ਹਿਰਦੇ ਭੜਕਾਉਣ ਕਾਰਨ ਜ਼ਿਲ੍ਹਾ ਪੁਲਿਸ ਮੁਖੀ ਫ਼ਤਹਿਗੜ੍ਹ ਸਾਹਿਬ ਨੂੰ ਐਸ ਓ ਆਈ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਦੀ ਅਗਵਾਈ ਵਿੱਚ ਕੰਪਲੇਂਟ ਫਾਈਲ ਕੀਤੀ ਗਈ ਹੈ। ਇਸਦੇ ਨਾਲ ਹੀ ਇਸ ਮੰਦਭਾਗੀ ਟਿੱਪਣੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸਖ਼ਤ ਕਾਰਵਾਈ ਦੀ ਮੰਗ ਕੀਤੀ ।
ਇਸ ਮੌਕੇ ਬੋਲਦਿਆਂ ਐਸਓਆਈ ਮਾਲਵਾ ਜ਼ੋਨ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਵਿਚ ਹਰਜੀਤ ਗਰੇਵਾਲ ਖ਼ਿਲਾਫ਼ 295-ਏ ਦਾ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ । ਇਸਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਮਰਦੀਪ ਸਿੰਘ ਧਾਰਨੀ ਨੇ ਕਿਹਾ ਕਿ ਮਾਮਲਾ ਦਰਜ ਕਰਨ ਦੇ ਨਾਲ ਤੁਰੰਤ ਹਰਜੀਤ ਸਿੰਘ ਗਰੇਵਾਲ ਨੂੰ ਗ੍ਰਿਫ਼ਤਾਰ ਕੀਤਾ ਜਾਵੇ । ਇਥੇ ਦੱਸਣਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਏ ਗਏ 100 ਸਾਲਾਂ ਸਥਾਪਨਾ ਦਿਵਸ ਮੌਕੇ EVM ‘ਤੇ ਉਠਾਏ ਗਏ ਸਵਾਲਾਂ ਨੂੰ ਲੈ ਕੇ ਭਾਜਪਾ ਲੀਡਰ ਹਰਜੀਤ ਗਰੇਵਾਲ ਨੇ ਇੱਕ ਵਿਵਾਦਿਤ ਟਿੱਪਣੀ ਕੀਤੀ, ਜਿਸ ਕਰਕੇ ਸਿੱਖ ਸੰਗਤਾਂ ਵਿਚ ਭਾਜਪਾ ਲੀਡਰਾਂ ਖ਼ਿਲਾਫ਼ ਰੋਸ ਵੱਧਦਾ ਜਾ ਰਿਹਾ ਹੈ। ਯੂਥ ਅਕਾਲੀ ਦਲ ਵੱਲੋਂ ਹਰਜੀਤ ਗਰੇਵਾਲ ਦੇ ਦਫ਼ਤਰ ਦਾ ਵੀ ਘਿਰਾਓ ਕੀਤਾ ਗਿਆ ਸੀ ਅਤੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਰੋਪੜ ਦੀ ਜਥੇਬੰਦੀ ਨੇ ਸਿੱਖ ਸੰਗਤਾਂ ਸਮੇਤ ਹਰਜੀਤ ਗਰੇਵਾਲ, ਇਕਬਾਲ ਸਿੰਘ ਲਾਲਪੁਰਾ ਅਤੇ ਕੁਲਵੰਤ ਸਿੰਘ ਬਾਠ ਖ਼ਿਲਾਫ਼ ਰੋਸ ਧਰਨਾ ਵੀ ਦਿੱਤਾ ਸੀ।
ਸ਼੍ਰੋਮਣੀ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨੂੰ ਆਖਿਆ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵਿਰੁੱਧ ਕੀਤੀ ਗਈ ਗ਼ੈਰ-ਜ਼ਿੰਮੇਵਾਰਾਨਾ ਬਿਆਨਬਾਜ਼ੀ ਦਾ ਨੋਟਿਸ ਲਵੇ ਅਤੇ ਯਕੀਨੀ ਬਣਾਵੇ ਕਿ ਸਿੱਖਾਂ ਦੀ ਸਰਵਉੱਚ ਸੰਸਥਾ ਦੇ ਮੁਖੀ ਦਾ ਮਾਣ-ਸਨਮਾਨ ਕਿਸੇ ਵੀ ਤਰੀਕੇ ਹੇਠਾਂ ਨਾਲ ਲਾਇਆ ਜਾਵੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਗਰੇਵਾਲ ਨੇ ਨਾ ਸਿਰਫ ਸਿੰਘ ਸਾਹਿਬ ਦੀ ਬੇਇੱਜ਼ਤੀ ਕੀਤੀ ਸਗੋਂ ਦੁਨੀਆਂ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੀ ਸੱਟ ਮਾਰੀ ਹੈ ਅਕਾਲੀ ਆਗੂ ਨੇ ਕਿਹਾ ਕਿ ਗਰੇਵਾਲ ਜਾਂ ਭਾਜਪਾ ਦਾ ਕੋਈ ਵੀ ਆਗੂ ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਦਾ ਯਤਨ ਨਾ ਕਰੇ ਅਤੇ ਸ਼੍ਰੋਮਣੀ ਅਕਾਲੀ ਦਲ ਸਿੰਘ ਸਾਹਿਬ ਵੱਲੋਂ ਪੰਥਕ ਇਕੱਠ ਵਿਚ ਦਿੱਤੇ ਗਏ ਬਿਆਨ ਦਾ ਪੂਰੇ ਦਿਲੋਂ ਸਵਾਗਤ ਕਰਦਾ ਹੈ।