Amit shah twitter profile photo: ਨਵੀਂ ਦਿੱਲੀ: ਅਮਿਤ ਸ਼ਾਹ ਦੇ ਟਵਿੱਟਰ ਹੈਂਡਲ ਤੋਂ ਵੀਰਵਾਰ ਨੂੰ ਉਨ੍ਹਾਂ ਦੀ ਪ੍ਰੋਫਾਈਲ ਫੋਟੋ ਗਾਇਬ ਹੋ ਗਈ ਸੀ। ਅਕਾਊਂਟ ‘ਤੇ ਉਨ੍ਹਾਂ ਦੀ ਫੋਟੋ ਦੀ ਜਗ੍ਹਾ ‘Error’ ਦਾ ਮੈਸੇਜ਼ ਆ ਰਿਹਾ ਸੀ। ਉਨ੍ਹਾਂ ਦੇ ਤਸਦੀਕ ਕੀਤੇ ਹੈਂਡਲ ‘ਤੇ ਡਿਸਪਲੇਅ ਤਸਵੀਰ ਦੀ ਬਜਾਏ “Media not displayed’, ਇਹ ਤਸਵੀਰ ਕਾਪੀਰਾਈਟ ਧਾਰਕ ਦੀ ਇੱਕ ਰਿਪੋਰਟ ਦੇ ਜਵਾਬ ਵਿੱਚ ਹਟਾ ਦਿੱਤੀ ਗਈ ਹੈ।” ਦਾ ਮੈਸੇਜ਼ ਦਿੱਖ ਰਿਹਾ ਸੀ। ਉਨ੍ਹਾਂ ਦੀ ਪ੍ਰੋਫਾਈਲ ਫੋਟੋ ਨੂੰ ਮਾਈਕ੍ਰੋਬਲੌਗਿੰਗ ਸਾਈਟ ਦੁਆਰਾ ‘ਕਾਪੀਰਾਈਟ ਧਾਰਕ ਦੁਆਰਾ ਕੀਤੀ ਰਿਪੋਰਟ ਦੇ ਬਾਅਦ ਹਟਾ ਦਿੱਤਾ ਗਿਆ ਸੀ।
ਹਾਲਾਂਕਿ, ਸਾਈਟ ਨੇ ਕੁੱਝ ਸਮੇਂ ਬਾਅਦ ਉਨ੍ਹਾਂ ਦੀ ਡੀਪੀ ਵਾਪਿਸ ਰੀਸਟੋਰ ਕਰ ਦਿੱਤੀ ਸੀ। ਪਲੇਟਫਾਰਮ ਦੇ ਇੱਕ ਬੁਲਾਰੇ ਨੇ ਕਿਹਾ, “ਅਣਜਾਣੇ ਵਿੱਚ ਹੋਈ ਗਲਤੀ ਕਾਰਨ ਅਸੀਂ ਆਪਣੀ ਗਲੋਬਲ ਕਾਪੀਰਾਈਟ ਨੀਤੀ ਦੇ ਤਹਿਤ ਖਾਤੇ ਨੂੰ ਅਸਥਾਈ ਰੂਪ ਵਿੱਚ ਲਾਕ ਕਰ ਦਿੱਤਾ ਸੀ। ਪਰ ਇਹ ਤੁਰੰਤ ਠੀਕ ਕਰ ਦਿੱਤਾ ਗਿਆ ਹੈ ਅਤੇ ਹੁਣ ਖਾਤਾ ਪੂਰੀ ਤਰ੍ਹਾਂ ਕੰਮ ਕਰ ਰਿਹਾ ਹੈ। ਦੱਸ ਦੇਈਏ ਕਿ ਟਵਿੱਟਰ ਦੀ ਕਾਪੀਰਾਈਟ ਨੀਤੀ ਵਿੱਚ ਕਿਹਾ ਗਿਆ ਹੈ ਕਿ ‘ਆਮ ਤੌਰ ‘ਤੇ ਫ਼ੋਟੋਗ੍ਰਾਫਰ ਦਾ ਫੋਟੋ ‘ਤੇ ਅਧਿਕਾਰ ਹੁੰਦਾ ਹੈ, ਨਾ ਕਿ ਫੋਟੋ ਵਿੱਚ ਦਿਖਾਈ ਦੇਣ ਵਾਲੇ ਵਿਅਕਤੀ ਜਾਂ ਸਮਗਰੀ ਦਾ।’ ਕੁੱਝ ਸਮਾਂ ਪਹਿਲਾਂ ਬੀਸੀਸੀਆਈ (ਬੋਰਡ ਆਫ ਕੰਟਰੋਲ ਕ੍ਰਿਕਟ ਇੰਡੀਆ) ਦੇ ਟਵਿੱਟਰ ਹੈਂਡਲ ਨਾਲ ਕੁੱਝ ਅਜਿਹੀ ਹੀ ਘਟਨਾ ਵਾਪਰੀ ਸੀ। ਕੰਪਨੀ ਨੇ ਕਾਪੀਰਾਈਟ ਉਲੰਘਣਾ ਦੀ ਗੱਲ ਕਰਦਿਆਂ ਬੋਰਡ ਦੇ ਅਕਾਊਂਟ ਦੀ ਡਿਸਪਲੇਅ ਤਸਵੀਰ ਨੂੰ ਹਟਾ ਦਿੱਤਾ ਸੀ।