Another blow to : ਬਠਿੰਡਾ : ਪਿਛਲੇ ਕੁਝ ਸਮੇਂ ਤੋਂ ਭਾਜਪਾ ਵਰਕਰਾਂ ਵੱਲੋਂ ਲਗਾਤਾਰ ਅਸਤੀਫੇ ਦਿੱਤੇ ਜਾਂਦੇ ਰਹੇ ਹਨ। ਇਸੇ ਅਧੀਨ ਅੱਜ ਬਠਿੰਡਾ ਤੋਂ ਨਗਰ ਨਿਗਮ ਦੀ ਕੌਂਸਲਰ ਅੰਜਨਾ ਰਾਣੀ ਨੇ ਵੀ BJP ਤੋਂ ਅਸਤੀਫਾ ਦੇ ਦਿੱਤਾ ਹੈ। ਇਥੇ ਇਹ ਦੱਸਣਯੋਗ ਹੈ ਕਿ ਅੰਜਨਾ ਰਾਣੀ ਵਾਰਡ ਨੰਬਰ 41 ਤੋਂ ਕੌਂਸਲਰ ਸਨ। ਅਸਤੀਫੇ ਬਾਰੇ ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਕਿਸਾਨਾਂ ਵਿਰੁੱਧ ਜਿਹੜੇ ਖੇਤੀ ਕਾਨੂੰਨ ਪਾਸ ਕੀਤੇ ਗਏ ਹਨ ਉਹ ਦਲਿਤਾਂ ‘ਤੇ ਅਤਿਆਚਾਰ ਹੈ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਲਈ ਉਹ ਭਾਜਪਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੇ ਹਨ।
ਇਹ ਵੀ ਪਤਾ ਲੱਗਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਅੰਜਨਾ ਰਾਣੀ ਭਾਜਪਾ ਵੱਲੋਂ ਕਿਸਾਨਾਂ ਨਾਲ ਕੀਤੇ ਜਾ ਰਹੇ ਅਨਿਆਂ ਤੋਂ ਕਾਫੀ ਪ੍ਰੇਸ਼ਾਨ ਸੀ ਤੇ ਹੁਣ ਕੇਂਦਰ ਵੱਲੋਂ ਤਿੰਨ ਖੇਤੀ ਕਾਨੂੰਨਾਂ ਦੇ ਪਾਸ ਹੋਣ ਨਾਲ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ ਅੰਜਨਾ ਰਾਣੀ ਨੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੇ ਗਏ ਅਸਤੀਫੇ ਦੀ ਹਮਾਇਤ ਕੀਤੀ ਤੇ ਕਿਹਾ ਕਿ ਉਨ੍ਹਾਂ ਵੱਲੋਂ ਕੀਤਾ ਗਿਆ ਫੈਸਲਾ ਬਿਲਕੁਲ ਸਹੀ ਹੈ। ਇਹ ਵੀ ਖਬਰਾ ਆ ਰਹੀਆਂ ਹਨ ਕਿ ਅੰਜਨਾ ਰਾਣੀ ਆਉਣ ਵਾਲੇ ਸਮੇਂ ‘ਚ ਅਕਾਲੀ ਦਲ ‘ਚ ਸ਼ਾਮਲ ਹੋ ਸਕਦੀ ਹੈ ਪਰ ਅਜੇ ਤੱਕ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਹੈ। ਅੰਜਨਾ ਰਾਣੀ ਨੇ ਬੀਬੀ ਹਰਸਿਮਰਤ ਕੌਰ ਬਾਦਲ ਨਾਲ ਵੀ ਮੁਲਾਕਾਤ ਕੀਤੀ ਸੀ ਜਿਸ ਤੋਂ ਇਹ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਉਹ ਅਕਾਲੀ ਦਲ ‘ਚ ਸ਼ਾਮਲ ਹੋ ਸਕਦੀ ਹੈ। ਬਠਿੰਡਾ ਤੋਂ ਕੌਂਸਲਰ ਅੰਜਨਾ ਰਾਣੀ ਦੇ ਅਸਤੀਫੇ ਦੇਣ ਦਾ ਮੁੱਖ ਕਾਰਨ ਨਵੇਂ ਖੇਤੀ ਕਾਨੂੰਨਾਂ ਦੇ ਦਾ ਪਾਸ ਹੋਣਾ ਹੀ ਦੱਸਿਆ ਜਾ ਰਿਹਾ ਹੈ। ਅੰਜਨਾ ਰਾਣੀ ਭਾਜਪਾ ਦੇ ਐਸ ਸੀ ਮੋਰਚੇ ਦੀ ਵੀ ਸਕੱਤਰ ਸੀ ਜੋ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੰਚਾਉਣ ਲਈ ਤਨਦੇਹੀ ਨਾਲ ਦਿਨ-ਰਾਤ ਇੱਕ ਕਰਦੀ ਸੀ। ਅੰਜਨਾ ਰਾਣੀ ਨੇ ਆਪਣੇ ਅਸਤੀਫੇ ਮੁਤਾਬਕ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ਵੱਲੋਂ ਦਲਿਤ ਭਾਈਚਾਰੇ ਤੇ ਕੀਤੇ ਜਾ ਰਹੇ ਅੱਤਿਆਚਾਰਾਂ, ਕਿਸਾਨਾਂ ਨਾਲ ਹੋ ਰਹੇ ਧੱਕੇ ਅਤੇ ਖੇਤੀ ਕਾਨੂੰਨਾਂ ਦੇ ਪਾਸ ਹੋਣ ਕਾਰਨ ਉਸ ਨੇ ਇਹ ਫੈਸਲਾ ਲਿਆ ਹੈ।