bjp leader chitra wagh said: ਮੁੰਬਈ: ਮਹਾਰਾਸ਼ਟਰ ਭਾਜਪਾ ਦੀ ਉਪ-ਪ੍ਰਧਾਨ ਚਿਤ੍ਰਾ ਵਾਘ ਨੇ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਤੋਂ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਦੇ ਹਥਰਾਸ ਜਾਂਦੇ ਸਮੇਂ ਦਿੱਲੀ-ਉੱਤਰ ਪ੍ਰਦੇਸ਼ ਸਰਹੱਦ ‘ਤੇ ਕਥਿਤ ਤੌਰ ‘ਤੇ ਪ੍ਰਿਯੰਕਾ ਨਾਲ ਬਦਸਲੂਕੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਵਾਘ ਦੇ ਇਸ ਵਤੀਰੇ ਨੂੰ ਕਾਂਗਰਸ ਨੇਤਾਵਾਂ ਨੇ ਸਮਰਥਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਾਘ ਪਿੱਛਲੇ ਸਾਲ ਭਾਜਪਾ ਵਿੱਚ ਜਾਣ ਦੇ ਬਾਵਜੂਦ ਆਪਣੇ ‘ਸੰਸਕਾਰਾਂ’ ਨੂੰ ਨਹੀਂ ਭੁੱਲੀ ਹੈ। ਤੁਹਾਨੂੰ ਦੱਸ ਦੇਈਏ ਕਿ ਪ੍ਰਿਯੰਕਾ ਗਾਂਧੀ ਆਪਣੇ ਭਰਾ ਰਾਹੁਲ ਗਾਂਧੀ ਨਾਲ ਸ਼ਨੀਵਾਰ ਦੁਪਹਿਰ ਦਲਿਤ ਲੜਕੀ ਦੇ ਪਰਿਵਾਰ ਨੂੰ ਮਿਲਣ ਹਥਰਾਸ ਗਈ ਸੀ। ਜਿੱਥੇ ਸਮੂਹਿਕ ਬਲਾਤਕਾਰ ਤੋਂ ਬਾਅਦ ਪੀੜਤ ਲੜਕੀ ਦੀ ਮੌਤ ਹੋਈ ਸੀ। ਜਦੋਂ ਪ੍ਰਿਯੰਕਾ ਉੱਥੇ ਜਾ ਰਹੀ ਸੀ ਤਾਂ ਕਾਂਗਰਸ-ਵਰਕਰਾਂ ਦੀ ਦਿੱਲੀ-ਯੂਪੀ ਸਰਹੱਦ ‘ਤੇ ਪੁਲਿਸ ਨਾਲ ਝੜਪ ਹੋ ਗਈ। ਇਸ ਦੌਰਾਨ ਹੈਲਮੇਟ ਪਹਿਨੇ ਇੱਕ ਪੁਲਿਸ ਮੁਲਾਜ਼ਮ ਨੇ ਡੀ ਐਨ ਡੀ ਟੋਲ ਪਲਾਜ਼ਾ ‘ਤੇ ਪ੍ਰਿਯੰਕਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਇਲਜ਼ਾਮ ਲੱਗੇ ਹਨ ਕਿ ਪੁਲਿਸ ਮੁਲਾਜ਼ਮ ਨੇ ਕਾਂਗਰਸ ਦੀ ਜਨਰਲ ਸੈਕਟਰੀ ਦੇ ਕੱਪੜੇ ਫੜ ਕੇ ਉਸ ਨੂੰ ਰੋਕ ਲਿਆ।
ਵਾਘ ਨੇ ਟਵੀਟ ਕੀਤਾ, “ਇੱਕ ਪੁਲਿਸ ਅਧਿਕਾਰੀ ਔਰਤ ਨੇਤਾ ਦੇ ਕੱਪੜੇ ਫੜਨ ਦੀ ਕਿਵੇਂ ਹਿੰਮਤ ਕਰਦਾ ਹੈ।’ ਉਨ੍ਹਾਂ ਕਿਹਾ ਕਿ ਪੁਲਿਸ ਨੂੰ ਹਮੇਸ਼ਾਂ ਆਪਣੀਆਂ ਹੱਦਾਂ ‘ਚ ਰਹਿਣਾ ਚਾਹੀਦਾ ਹੈ। ਵਾਘ ਨੇ ਕਿਹਾ, ‘ਯੋਗੀ ਆਦਿੱਤਿਆਨਾਥ ਜੀ, ਜੋ ਭਾਰਤੀ ਸੰਸਕਾਰਾਂ ਵਿੱਚ ਵਿਸ਼ਵਾਸ ਰੱਖਦੇ ਹਨ, ਨੂੰ ਅਜਿਹੇ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।’ ਵਾਘ ਨੇ ਟਵੀਟ ਨਾਲ ਪ੍ਰਿਅੰਕਾ ਗਾਂਧੀ ਦੀ ਉਹ ਤਸਵੀਰ ਵੀ ਸਾਂਝੀ ਕੀਤੀ। ਮਹਾਰਾਸ਼ਟਰ ਯੂਥ ਕਾਂਗਰਸ ਦੇ ਮੁਖੀ ਸੱਤਿਆਜੀਤ ਤੰਬੇ ਨੇ ਵਾਘ ਦੇ ਰੁਖ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਵਾਘ, ਜੋ ਨੈਸ਼ਨਲਿਸਟ ਕਾਂਗਰਸ ਪਾਰਟੀ ਛੱਡ ਕੇ ਪਿੱਛਲੇ ਸਾਲ ਭਾਜਪਾ ਵਿੱਚ ਸ਼ਾਮਿਲ ਹੋਏ ਸਨ, ਪਾਰਟੀ ਬਦਲਣ ਦੇ ਬਾਵਜੂਦ ਆਪਣੇ ‘ਸੰਸਕਾਰ’ ਨੂੰ ਨਹੀਂ ਭੁੱਲੇ ਹਨ। ਇਸ ਤੋਂ ਪਹਿਲਾਂ, ਗੌਤਮ ਬੁੱਧ ਨਗਰ ਪੁਲਿਸ ਨੇ ਪ੍ਰਿਯੰਕਾ ਗਾਂਧੀ ‘ਤੋਂ ਅਫਸੋਸ ਜ਼ਾਹਿਰ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।