defence minister rajnath singh says: ਪੂਰਬੀ ਲੱਦਾਖ ਵਿੱਚ 20 ਭਾਰਤੀ ਸੈਨਿਕਾਂ ਦੀ ਸ਼ਹਾਦਤ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਪਹਿਲਾ ਬਿਆਨ ਆਇਆ ਹੈ। ਰਾਜਨਾਥ ਸਿੰਘ ਨੇ ਗੈਲਵਨ ਘਾਟੀ ਵਿੱਚ ਫੌਜੀਆਂ ਦੀ ਸ਼ਹਾਦਤ ਨੂੰ ਦਰਦਨਾਕ ਦੱਸਿਆ ਹੈ। ਉਨ੍ਹਾਂ ਕਿਹਾ, “ਅਸੀਂ ਸੈਨਿਕਾਂ ਦੀ ਕੁਰਬਾਨੀ ਨੂੰ ਨਹੀਂ ਭੁੱਲਾਂਗੇ। ਪੂਰਾ ਦੇਸ਼ ਸ਼ਹੀਦ ਫੌਜੀਆਂ ਦੇ ਨਾਲ ਖੜ੍ਹਾ ਹੈ।” ਰੱਖਿਆ ਮੰਤਰੀ ਨੇ ਟਵੀਟ ਕੀਤਾ, “ਸੈਨਿਕਾਂ ਦੀ ਸ਼ਹਾਦਤ ਪ੍ਰੇਸ਼ਾਨ ਕਰਨ ਵਾਲੀ ਅਤੇ ਦੁਖਦਾਈ ਹੈ। ਸਾਡੇ ਸੈਨਿਕਾਂ ਨੇ ਅਥਾਹ ਬਹਾਦਰੀ ਦਿਖਾਈ ਹੈ ਅਤੇ ਦੇਸ਼ ਲਈ ਸ਼ਹੀਦ ਹੋਏ ਹਨ। ਦੇਸ਼ ਉਨ੍ਹਾਂ ਦੀ ਬਹਾਦਰੀ ਅਤੇ ਕੁਰਬਾਨੀ ਨੂੰ ਕਦੇ ਨਹੀਂ ਭੁੱਲੇਗਾ। ਪੂਰਾ ਦੇਸ਼ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਖੜ੍ਹਾ ਹੈ।”
ਚੀਨ ਨਾਲ ਹੋਈ ਹਿੰਸਕ ਝੜਪ ਦੇ ਬਾਅਦ ਤੋਂ ਵਿਰੋਧੀ ਧਿਰ ਲਗਾਤਾਰ ਸਰਕਾਰ ਨੂੰ ਨਿਸ਼ਾਨਾ ਬਣਾ ਰਹੀ ਹੈ। ਕਾਂਗਰਸੀ ਆਗੂ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ 20 ਜਵਾਨਾਂ ਦੀ ਸ਼ਹਾਦਤ ਕਾਰਨ ਪੂਰੇ ਦੇਸ਼ ਵਿੱਚ ਭਾਰੀ ਰੋਸ ਹੈ। ਸਾਰੇ ਦੇਸ਼ ਨੂੰ ਸਾਡੇ ਬਹਾਦਰ ਪੁੱਤਰਾਂ ਦੀ ਬਹਾਦਰੀ ‘ਤੇ ਮਾਣ ਹੈ, ਉਨ੍ਹਾਂ ਨੇ ਭਾਰਤ ਮਾਤਾ ਦੇ ਗੌਰਵ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਪ੍ਰਧਾਨ ਮੰਤਰੀ ਅਤੇ ਮੋਦੀ ਸਰਕਾਰ ਨੇ ਚੀਨੀ ਫੌਜ ਦੇ ਇਸ ਹੌਂਸਲੇ ‘ਤੇ ਚੁੱਪੀ ਧਾਰੀ ਹੋਈ ਹੈ। ਸੁਰਜੇਵਾਲਾ ਨੇ ਕਿਹਾ ਕਿ ਰਾਹੁਲ ਗਾਂਧੀ, ਕਾਂਗਰਸ ਪਾਰਟੀ ਅਤੇ ਸਮੁੱਚੇ ਵਿਰੋਧੀ ਧਿਰ ਬਾਰ ਬਾਰ ਕੇਂਦਰ ਸਰਕਾਰ ਨੂੰ ਇਹ ਦੱਸਣ ਲਈ ਬੇਨਤੀ ਕਰਦੇ ਰਹਿੰਦੇ ਹਨ ਕਿ ਸਰਹੱਦ ਉੱਤੇ ਕੀ ਹਾਲਾਤ ਹਨ? ਚੀਨੀ ਫੌਜ ਨੇ ਸਾਡੀ ਸਰਹੱਦਾਂ ‘ਤੇ ਕਿੰਨਾ ਕੁ ਕਬਜ਼ਾ ਕੀਤਾ ਹੈ ਅਤੇ ਸਾਡੀ ਜ਼ਮੀਨ ਦਾ ਕਿੰਨਾ ਹਿੱਸਾ ਦੱਬ ਲਿਆ ਹੈ?