Diwali will remain : ਚੰਡੀਗੜ੍ਹ : ਕਿਸਾਨ ਵੋਟਾਂ ਦੀ ਚਾਹਤ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਇਨ੍ਹਾਂ ਅੰਨ੍ਹਾ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ 40-41 ਦਿਨਾਂ ਤੋਂ ਕਿਸਾਨ ਸੰਗਠਨਾਂ ਵੱਲੋਂ ਰੋਕੀਆਂ ਗਈਆਂ ਰੇਲਾਂ, ਮਾਲ ਗੱਡੀਆਂ ਦੇ ਕਾਰਨ ਤਬਾਹ ਹੋ ਰਿਹਾ ਵਪਾਰ, ਕਾਰੋਬਾਰ, ਉਦਯੋਗ ਅਤੇ ਖੁੱਦ ਕਿਸਾਨੀ ਉਨ੍ਹਾਂ ਨੂੰ ਦਿਖਾਈ ਹੀ ਨਹੀਂ ਦੇ ਰਹੀ, ਪੰਜਾਬ ਦੀ ਆਰਥਿਕ ਨਾਕੇਬੰਦੀ ਦਿਖਾਈ ਨਹੀਂ ਦੇ ਰਹੀ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਵਿਨੀਤ ਜੋਸ਼ੀ ਦਾ। ਨੌਕਰੀਆਂ ਖਤਰੇ ਵਿਚ ਪੈ ਗਈਆਂ ਹਨ ਅਤੇ ਦਿਹਾੜੀਦਾਰਾਂ ਨੂੰ ਦਿਹਾੜੀ ਮਿਲਣੀ ਬੰਦ ਹੋ ਗਈ ਹੈ, ਜੋ ਲੋਕ ਇਨ੍ਹਾਂ ਨਾਲ ਜੁੜੇ ਹੋਏ ਸਨ, ਉਹ ਵੀ ਪਾਈ-ਪਾਈ ਲਈ ਮੁਥਾਜ ਹੋ ਗਏ ਹਨ। ਮਾਲਗੱਡੀਆਂ ਬੰਦ ਹੋਣ ਕਾਰਨ, ਸਾਮਾਨ ਟਰੱਕਾਂ ਤੋਂ ਆ ਰਿਹਾ ਹੈ, ਲਾਗਤ ਵੱਧ ਗਈ ਹੈ, ਮਾਰਕੀਟ ਵਿਚ ਜ਼ਰੂਰੀ ਵਸਤੂਆਂ ਮਹਿੰਗੀਆਂ ਹੋ ਗਈਆਂ ਹਨ, ਹਰ ਤਰ੍ਹਾਂ ਦਾ ਵਰਗ ਖਾਸਕਰ ਮੱਧ-ਵਰਗੀ ਲੋਕਾਂ ‘ਚ ਹਾਹਾਕਾਰ ਮੱਚੀ ਪਈ ਹੈ।
ਜੋਸ਼ੀ ਨੇ ਕਿਹਾ ਕਿ ਕਿਸਾਨਾਂ ਦਾ ਖੁੱਦ ਦਾ ਵੱਡਾ ਨੁਕਸਾਨ ਹੋ ਰਿਹਾ ਹੈ, ਕਿਉਂਕਿ ਕਣਕ ਦੀ ਬਿਜਾਈ ਦੇ ਲਈ ਡੀਏਪੀ ਯੂਰੀਆ ਵੀ ਨਹੀਂ ਆ ਰਿਹਾ ਹੈ, ਅਗੇਤੀ ਬਿਜਾਈ ਦੇ 15 ਦਿਨ ਬੀਤ ਗਏ ਹਨ ਅਤੇ ਅਗਲੇ 14 ਦਿਨਾਂ ‘ਚ ਬੀਜਾਈ ਨਾ ਹੋਈ ਤਾਂ ਅਪ੍ਰੈਲ 2021 ਵਿਚ ਕਣਕ ਦੀ ਪੈਦਾਵਾਰ ਦੋ ਤੋਂ ਚਾਰ ਕੁਵਿੰਟਲ ਪ੍ਰਤੀ ਏਕੜ ਘੱਟ ਹੋਵੇਗੀ। ਕਿਉਂਕਿ ਲੱਖਾਂ ਟਨ ਕਣਕ ਉਤਪਾਦਨ ਘੱਟ ਹੋਵੇਗਾ ਤਾਂ ਕਿਸਾਨਾਂ ਦੀ ਆਮਦਨ ਵੀ ਘੱਟ ਹੋਵੇਗੀ, ਇਸ ਦੇ ਲਈ ਸਿੱਧਾ ਜ਼ਿੰਮੇਵਾਰੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਹੋਵੇਗੀ। ਕਿਸਾਨ ਡੀਏਪੀ ਦੇ ਬਿਨਾਂ ਆਲੂ, ਪਿਆਜ਼ ਅਤੇ ਲੱਸਣ ਦੀ ਬਿਜਾਈ ਨਹੀਂ ਕਰਦੇ ਅਤੇ ਜੇਕਰ ਕੁੱਝ ਦਿਨ ਹੋਰ ਬੀਤ ਗਏ ਤਾਂ ਕੋਹਰਾ ਪੈਣਾ ਸ਼ੁਰੂ ਹੋ ਜਾਵੇਗਾ ਤਾਂ ਇਨ੍ਹਾਂ ਦੀ ਬੀਜਾਈ ਨਹੀਂ ਹੋ ਪਾਵੇਗੀ। ਇਸਦਾ ਸਿੱਧਾ ਨੁਕਸਾਨ ਕਿਸਾਨ ਦੀ ਆਮਦਨ ‘ਤੇ ਪਵੇਗਾ ਅਤੇ ਮਾਰਚ 2021 ਦੇ ਮਹੀਨੇ ਵਿਚ ਆਲੂ ਪਿਆਜ ਅਤੇ ਲੱਸਣ ਦੀ ਕਮੀ ਆ ਜਾਵੇਗੀ, ਜਿਸ ਕਾਰਨ ਜਨਤਾ ਨੂੰ ਆਲੂ ਪਿਆਜ ਅਤੇ ਲੱਸਣ ਮਹਿੰਗਾ ਮਿਲੇਗਾ।
ਜੋਸ਼ੀ ਨੇ ਕਿਹਾ ਕਿ ਕੈਟਲ ਫੀਡ ਅਤੇ ਪੋਲਟਰੀ ਫੀਡ ਦੀ ਕਮੀ ਵੀ ਹੋਣੀ ਸ਼ੁਰੂ ਹੋ ਗਈ ਹੈ। ਕਿਸਾਨਾਂ ਦੇ ਦੁੱਧ ਉਤਪਾਦਨ ਅਤੇ ਪੋਲਟਰੀ ਫਾਰਮ ਦੇ ਧੰਦੇ ‘ਤੇ ਇਸਦਾ ਬੁਰਾ ਅਸਰ ਪੈ ਰਿਹਾ ਹੈ, ਕਿਉਂਕਿ ਕੈਟਲ ਫੀਡ ਦੇ ਲਈ ਜ਼ਰੂਰੀ ਮੱਕੇ ਦੀ ਕਮੀ, ਬਾਜਰਾ, ਸੋਇਆਬੀਨ, ਬਿਨੋਲਾ ਆਦਿ ਮਾਲਗੱਡੀ ਬੰਦ ਹੋਣ ਦੇ ਕਾਰਨ ਬਾਹਰ ਤੋਂ ਨਹੀਂ ਆ ਰਿਹਾ ਹੈ। ਹੁਣ ਦੁੱਧ ਮਹਿੰਗਾ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਨਾਲ ਹੀ ਅੰਡਾ ਆਦਿ ‘ਤੇ ਵੀ ਇਸਦਾ ਅਸਰ ਤਿਓਹਾਰਾਂ ਦੇ ਦਿਨਾਂ ‘ਚ ਪੰਜਾਬ ਦੀ ਜਨਤਾ ‘ਤੇ ਪਵੇਗਾ। ਵੂਲਨ ਇੰਡਸਟਰੀ, ਆਟੋ ਪਾਰਟਸ, ਕੈਟਲ ਅਤੇ ਪੋਲਟਰੀ ਫੀਡ, ਸਪੋਰਟਸ ਇੰਡਸਟਰੀ, ਟੂਲ ਇੰਡਸਟਰੀ ਆਦਿ ਦਾ ਕਈ ਹਜ਼ਾਰ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ। ਖਰੀਦ ਫਰੋਖਤ ਅਤੇ ਬਿਕਰੀ ਘੱਟ ਹੋਣ ਦੇ ਕਾਰਨ ਪੰਜਾਬ ਸਰਕਾਰ ਨੂੰ ਮਿਲਦੇ ਜੀਐਸਟੀ ਵਿਚ ਭਾਰੀ ਗਿਰਾਵਟ ਆਵੇਗੀ, ਤਾਂ ਪੰਜਾਬ ਵਿਚ ਕਿਸਾਨ ਸੰਘਰਸ਼ ਨੂੰ ਸਮਰਥਨ ਦੇਣ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਸਮਝੇ ਕਿ ਨੁਕਸਾਨ ਸਭ ਦਾ ਰਿਹਾ ਹੈ। ਜੋਸ਼ੀ ਨੇ ਆਖਿਰ ‘ਚ ਕਿਹਾ ਕਿ ਇਹੋ ਹਾਲ ਰਿਹਾ ਤਾਂ ਸਾਰੀਆਂ ਦੀ ਦੀਵਾਲੀ ਫੀਕੀ ਰਹੇਗੀ।