Farmers protest meeting: ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਪਿੱਛਲੇ ਕੁੱਝ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਦੇ ਆਸ ਪਾਸ ਡੇਰਾ ਲਾਇਆ ਹੋਇਆ ਹੈ। ਖੇਤੀਬਾੜੀ ਕਾਨੂੰਨ ਦੇ ਵਿਰੁੱਧ ਸੜਕਾਂ ‘ਤੇ ਉੱਤਰੇ ਕਿਸਾਨ ਹੁਣ ਪਿੱਛੇ ਹੱਟਣ ਦਾ ਨਾਮ ਨਹੀਂ ਲੈ ਰਹੇ ਅਤੇ ਉਹ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ। ਖੇਤੀਬਾੜੀ ਕਾਨੂੰਨ ਨੂੰ ਲੈ ਕੇ ਲਗਾਤਾਰ ਸੱਤਵੇਂ ਦਿਨ ਵੀ ਕਿਸਾਨ ਅੰਦੋਲਨ ਜਾਰੀ ਹੈ। ਹਜ਼ਾਰਾਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਹਨ। ਸਰਕਾਰ ਨਾਲ ਗੱਲਬਾਤ ਦਾ ਪਹਿਲਾ ਦੌਰ ਫੇਲ੍ਹ ਹੋਣ ਤੋਂ ਬਾਅਦ, ਕਿਸਾਨਾਂ ਨੇ ਅੰਦੋਲਨ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ, ਸਰਕਾਰ ਵੀ ਸਰਗਰਮ ਜਾਪ ਰਹੀ ਹੈ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਪਿਯੂਸ਼ ਗੋਇਲ ਬੁੱਧਵਾਰ ਸਵੇਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਪਹੁੰਚੇ ਹਨ। ਇਨ੍ਹਾਂ ਮੰਤਰੀਆਂ ਨੇ ਕੱਲ ਕਿਸਾਨਾਂ ਨਾਲ ਵਿਚਾਰ ਵਟਾਂਦਰੇ ਕੀਤੇ ਸੀ।
ਦੋਵੇਂ ਮੰਤਰੀ 15 ਮਿੰਟ ਪਹਿਲਾਂ ਅਮਿਤ ਸ਼ਾਹ ਦੇ ਘਰ ਪਹੁੰਚੇ ਹਨ। ਮੰਨਿਆ ਜਾਂ ਰਿਹਾ ਹੈ ਕਿ ਸਰਕਾਰ ਅੰਦੋਲਨ ਨੂੰ ਖਤਮ ਕਰਨ ਦੀ ਤਿਆਰੀ ਲਈ ਇਹ ਮੀਟਿੰਗ ਕਰ ਰਹੀ ਹੈ। ਕੱਲ੍ਹ, ਖੇਤੀਬਾੜੀ ਮੰਤਰੀ ਨਾਲ ਕਿਸਾਨਾਂ ਦੀ ਬੈਠਕ ਬੇਸਿੱਟਾ ਰਹੀ ਸੀ। ਜਾਣਕਾਰੀ ਮਿਲੀ ਹੈ ਕਿ ਅੱਜ ਇੱਥੇ ਕਿਸਾਨ ਜੱਥੇਬੰਦੀਆਂ ਦੀ ਵੀ ਮੀਟਿੰਗ ਹੋਵੇਗੀ। ਸਿੰਘੂ ਸਰਹੱਦ ‘ਤੇ ਖੜ੍ਹੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸਰਕਾਰ ਤਿੰਨੋਂ ਬਿੱਲਾਂ ਨੂੰ ਵਾਪਿਸ ਨਹੀਂ ਲੈਂਦੀ, ਇਹ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਅੰਦੋਲਨ ਹੋਰ ਵੱਡਾ ਹੋਵੇਗਾ।