Farmers Protests Usha Thakur: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 20 ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਸਰਕਾਰ ਖੇਤੀਬਾੜੀ ਕਾਨੂੰਨਾਂ ਵਿੱਚ ਸੋਧ ਕਰਨ ਬਾਰੇ ਕਿਸਾਨਾਂ ਨੂੰ ਮੰਨਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਦੂਜੇ ਪਾਸੇ ਕਿਸਾਨ ਆਪਣੀਆਂ ਸਾਰੀਆਂ ਮੰਗਾਂ ਪ੍ਰਤੀ ਅੜੇ ਹੋਏ ਹਨ। ਭਾਰਤੀ ਜਨਤਾ ਪਾਰਟੀ ਖੇਤੀਬਾੜੀ ਕਾਨੂੰਨਾਂ ਸਬੰਧੀ ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਹਮਲਾਵਰ ਹੋ ਗਈ ਹੈ। ਇੱਕ ਪਾਸੇ ਜਿੱਥੇ ਸਰਕਾਰ ਕਾਨੂੰਨਾਂ ਪ੍ਰਤੀ ਜਾਗਰੂਕਤਾ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ, ਉਥੇ ਪਾਰਟੀ ਦੇ ਕਈ ਨੇਤਾ ਅੰਦੋਲਨ ‘ਤੇ ਨਿਸ਼ਾਨਾ ਸਾਧ ਰਹੇ ਹਨ। ਜਿਵੇਂ ਹੀ ਵਿਰੋਧੀ ਧਿਰ ਅੰਦੋਲਨ ਵਿੱਚ ਸਰਗਰਮ ਹੋਈ, ਪਾਰਟੀ ਹੋਰ ਵੀ ਰੱਖਿਆਤਮਕ (ਡਿਫੈਂਸਿਵ ) ਬਣ ਗਈ ਹੈ।
ਅਜਿਹੀ ਸਥਿਤੀ ਵਿੱਚ ਮੱਧ ਪ੍ਰਦੇਸ਼ ਦੀ ਕੈਬਨਿਟ ਮੰਤਰੀ ਊਸ਼ਾ ਠਾਕੁਰ ਨੇ ਭਾਰਤੀ ਜਨਤਾ ਪਾਰਟੀ ਅਤੇ ਕੇਂਦਰ ਸਰਕਾਰ ਦਾ ਬਚਾਅ ਕਰਦੇ ਹੋਏ, ਕਿਸਾਨਾਂ ਦੇ ਨੁਮਾਇੰਦਿਆਂ ‘ਤੇ ਹਮਲਾ ਬੋਲਿਆ ਹੈ, ਇਸ ਵੇਲੇ ਭਾਰਤੀ ਜਨਤਾ ਪਾਰਟੀ ਖੇਤੀਬਾੜੀ ਕਾਨੂੰਨ ਅਤੇ ਕਿਸਾਨ ਅੰਦੋਲਨ ਕਾਰਨ ਚਾਰੇ ਪਾਸਿਓਂ ਹਮਲਿਆਂ ਦਾ ਸਾਹਮਣਾ ਕਰ ਰਹੀ ਹੈ। ਊਸ਼ਾ ਠਾਕੁਰ ਨੇ ਹੁਣ ਕਿਸਾਨੀ ਅੰਦੋਲਨ ਦੀ ਅਗਵਾਈ ਕਰ ਰਹੇ ਪੰਜਾਬ ਅਤੇ ਹਰਿਆਣਾ ਦੇ ਨੁਮਾਇੰਦਿਆਂ ਨੂੰ ਉੱਚ ਪੱਧਰੀ ਦਲਾਲ ਦੱਸਿਆ ਹੈ। ਇੰਦੌਰ ਵਿੱਚ ਊਸ਼ਾ ਠਾਕੁਰ ਨੇ ਕਿਸਾਨੀ ਅੰਦੋਲਨ ਬਾਰੇ ਭਾਜਪਾ ਦੀ ਰਣਨੀਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਪੰਜਾਬ ਅਤੇ ਹਰਿਆਣਾ ਵਿੱਚ ਉੱਚ ਪੱਧਰੀ ਦਲਾਲ ਯੋਜਨਾਬੱਧ ਤਰੀਕੇ ਨਾਲ ਅੰਦੋਲਨ ਚਲਾ ਰਹੇ ਹਨ, ਪਰ ਝੂਠ ਦੀ ਸਾਜਿਸ਼ ਬਹੁਤੀ ਦੇਰ ਨਹੀਂ ਚੱਲੇਗੀ।’
ਉਨ੍ਹਾਂ ਨੇ ਅੰਦੋਲਨ ਵਿੱਚ “ਟੁਕੜੇ-ਟੁਕੜੇ ਗੈਂਗ’ ਦੇ ਬਿਰਤਾਂਤ ਨੂੰ ਵੀ ਜੋੜਿਆ ਅਤੇ ਕਿਹਾ ਕਿ ‘ਖੱਬੇਪੱਖੀ ਸੋਚ ਅਤੇ ਟੁਕੜੇ-ਟੁਕੜੇ ਗੈਂਗ ਕਿਸਾਨ ਅੰਦੋਲਨ ਵਿੱਚ ਲੀਨ ਹੋ ਗਏ ਹਨ ਅਤੇ ਕਿਸਾਨੀ ਸਥਿਤੀ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਵਿੱਚ ਇਹ ਗਿਰੋਹ ਕਦੇ ਸਫਲ ਨਹੀਂ ਹੋਵੇਗਾ।” ਜਿਕਰਯੋਗ ਹੈ ਕਿ ਕਈ ਭਾਜਪਾ ਨੇਤਾਵਾਂ ਨੇ ਪਿੱਛਲੇ ਦਿਨਾਂ ਵਿੱਚ ਕਿਸਾਨ ਅੰਦੋਲਨ ਨੂੰ ਅਗਵਾ ਕਰਨ ਦਾ ਦੋਸ਼ ਵੀ ਲਾਇਆ ਹੈ।