Govt waives off customs duty : ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਤਬਾਹੀ ਮਚਾ ਰਹੀ ਹੈ। ਜਿਸ ਕਾਰਨ ਹਰ ਰਾਜ ਵਿੱਚ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ । ਦੇਸ਼ ਦੇ ਹਰ ਰਾਜ ਵਿੱਚ ਸਥਿਤੀ ਇੰਨੀ ਭਿਆਨਕ ਹੋ ਗਈ ਹੈ ਕਿ ਮਰੀਜ਼ਾਂ ਨੂੰ ਹਸਪਤਾਲ ਵਿੱਚ ਬੈੱਡ ਤੱਕ ਨਹੀਂ ਮਿਲ ਰਹੇ ਹਨ ਅਤੇ ਕੋਰੋਨਾ ਮਰੀਜ਼ ਹਸਪਤਾਲ ਦੇ ਬਾਹਰ ਹੀ ਦਮ ਤੋੜ ਰਹੇ ਹਨ। ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕੋਰੋਨਾ ਦੇ ਨਵੇਂ ਕੇਸ ਆਉਣ ਤੋਂ ਬਾਅਦ ਦੇਸ਼ ਵਿੱਚ ਕੁੱਲ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1 ਕਰੋੜ 66 ਲੱਖ 10 ਹਜ਼ਾਰ 481 ਹੋ ਗਈ ਹੈ । ਪਿਛਲੇ 24 ਘੰਟਿਆਂ ਵਿੱਚ ਕੈਰੋਨਾ ਵਾਇਰਸ ਦੇ 3,46,786 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ 2624 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਦੌਰਾਨ ਹੁਣ ਕੇਂਦਰ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਆਕਸੀਜਨ ਨਾਲ ਸਬੰਧਤ ਉਪਕਰਣਾਂ ਦੀ ਦਰਾਮਦ ‘ਤੇ ਮੁੱਢਲੀ ਕਸਟਮ ਡਿਊਟੀ ਅਤੇ ਸਿਹਤ ਸੈੱਸ ਤੋਂ ਪੂਰੀ ਛੋਟ ਦੇਣ (ਮੁਆਫ ਕਰਨ ) ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ ਹੈ। ਮੀਟਿੰਗ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਸਿਹਤ ਮੰਤਰੀ ਹਰਸ਼ ਵਰਧਨ, ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਿਲ ਹੋਏ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਘਰ ਅਤੇ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਦੇਖਭਾਲ ਲਈ ਲੋੜੀਂਦੇ ਉਪਕਰਣ ਦੇ ਨਾਲ-ਨਾਲ ਮੈਡੀਕਲ ਗ੍ਰੇਡ ਆਕਸੀਜਨ ਦੀ ਸਪਲਾਈ ਵਧਾਉਣ ਦੀ ਤੁਰੰਤ ਲੋੜ ਹੈ। ਮੀਟਿੰਗ ਦੌਰਾਨ, ਸਰਕਾਰ ਨੇ ਇਹ ਵੀ ਫੈਸਲਾ ਕੀਤਾ ਕਿ ਕੋਵਿਡ ਟੀਕਿਆਂ ਦੀ ਦਰਾਮਦ ‘ਤੇ ਮੁੱਢਲੀ ਕਸਟਮ ਡਿਊਟੀ ‘ਤੇ ਤੁਰੰਤ 3 ਮਹੀਨਿਆਂ ਲਈ ਛੋਟ ਦਿੱਤੀ ਜਾਵੇ।
ਸਰਕਾਰ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ, “PM ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਨੂੰ ਆਕਸੀਜਨ ਅਤੇ ਡਾਕਟਰੀ ਸਪਲਾਈ ਦੀ ਉਪਲਬਧਤਾ ਨੂੰ ਵਧਾਉਣ ਲਈ ਆਪਸੀ ਤਾਲਮੇਲ ਨਾਲ ਕੰਮ ਕਰਨ ਦੀ ਲੋੜ ਹੈ।” ਸਰਕਾਰ ਦਾ ਕਹਿਣਾ ਹੈ ਕਿ ਉਪਰੋਕਤ ਫੈਸਲੇ ਇਨ੍ਹਾਂ ਚੀਜ਼ਾਂ ਦੀ ਉਪਲਬਧਤਾ ਨੂੰ ਵਧਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਸਸਤਾ ਬਣਾ ਦੇਣਗੇ। ਪ੍ਰਧਾਨ ਮੰਤਰੀ ਨੇ ਮਾਲ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਅਜਿਹੇ ਯੰਤਰਾਂ ਦੀ ਸਹਿਜ ਅਤੇ ਤੇਜ਼ ਕਸਟਮ ਕਲੀਅਰੈਂਸ ਨੂੰ ਯਕੀਨੀ ਬਣਾਉਣ। ਇਸ ਦੇ ਅਨੁਸਾਰ, ਮਾਲ ਵਿਭਾਗ ਨੇ ਉਪਰੋਕਤ ਚੀਜ਼ਾਂ ਲਈ ਕਸਟਮ ਪ੍ਰਵਾਨਗੀ ਨਾਲ ਜੁੜੇ ਮੁੱਦਿਆਂ ਲਈ ਕਸਟਮਸ ਦੇ ਸੰਯੁਕਤ ਸਕੱਤਰ, ਗੌਰਵ ਮਸਲਦਨ ਨੂੰ ਨੋਡਲ ਅਧਿਕਾਰੀ ਨਿਯੁਕਤ ਕੀਤਾ ਹੈ।
ਇਹ ਵੀ ਦੇਖੋ : ਬੱਚਿਆਂ ਨੂੰ ਕੋਰੋਨਾ ਹੋਣ ਦਿਓ- ਤਾਂ ਹੀ IMMUNITY STRONG ਹੋਵੇਗੀ