iaf inducts fighter jet rafale: Rafale Induction: ਆਖਰਕਾਰ ਲੜਾਕੂ ਜਹਾਜ਼ ਰਾਫੇਲ ਜੇਟਸ ਭਾਰਤੀ ਹਵਾਈ ਸੈਨਾ (ਰਾਫੇਲ ਜੇਟਸ ਇੰਡਕਸ਼ਨ ਇਨ ਆਈਏਐਫ) ਵਿੱਚ ਸ਼ਾਮਿਲ ਹੋ ਗਏ ਹਨ। ਵੀਰਵਾਰ ਨੂੰ ਇਨ੍ਹਾਂ ਜਹਾਜ਼ਾਂ ਨੂੰ ਹਰਿਆਣਾ ਦੇ ਅੰਬਾਲਾ ਏਅਰ ਫੋਰਸ ਸਟੇਸ਼ਨ ਵਿਖੇ ਇੱਕ ਰਸਮੀ ਸਮਾਰੋਹ ਦੌਰਾਨ ਏਅਰ ਫੋਰਸ ਦੇ ਬੇੜੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਰਾਫੇਲ ਨੂੰ ਭਾਰਤੀ ਹਵਾਈ ਸੈਨਾ ਲਈ ਇੱਕ ਮੀਲ ਦਾ ਪੱਥਰ ਮੰਨਿਆ ਜਾਂਦਾ ਹੈ। ਫਰਾਂਸ ਨਾਲ ਸਾਲ 2016 ਵਿੱਚ ਹਸਤਾਖਰ ਕੀਤੇ 36 ਜਹਾਜ਼ਾਂ ਦੇ ਸੌਦੇ ਤੋਂ ਬਾਅਦ, ਪਹਿਲੇ ਪੰਜ ਜਹਾਜ਼ ਇਸ ਸਾਲ ਜੁਲਾਈ ਵਿੱਚ ਭਾਰਤ ਪਹੁੰਚੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵੀਰਵਾਰ ਨੂੰ ਯਾਨੀ ਅੱਜ ਬੇੜੇ ‘ਚ ਸ਼ਾਮਿਲ ਕੀਤਾ ਗਿਆ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਰਾਫੇਲ ਭਾਰਤ ਲਈ ਗੇਮ ਚੇਂਜਰ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਰਾਫੇਲ ਦੀ ਸ਼ਮੂਲੀਅਤ ਭਾਰਤੀ ਹਵਾਈ ਸੈਨਾ ਲਈ ਇੱਕ ਮੀਲ ਪੱਥਰ ਸਾਬਿਤ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤ ਆਜ਼ਾਦੀ, ਬਰਾਬਰੀ ਅਤੇ ਭਾਈਚਾਰੇ ਪ੍ਰਤੀ ਵਚਨਬੱਧ ਹੈ।
ਦੱਸ ਦੇਈਏ ਕਿ ਇਹ ਜਹਾਜ਼ ਹਵਾਈ ਸੈਨਾ ਦੇ 17 ਵੇਂ ਸਕੁਐਡਰਨ ਵਿੱਚ ਸ਼ਾਮਿਲ ਹੋਣਗੇ, ਜਿਨ੍ਹਾਂ ਨੂੰ ‘ਗੋਲਡਨ ਐਰੋਜ਼’ ਕਿਹਾ ਜਾਂਦਾ ਹੈ। ਇਸ ਰਸਮੀ ਸਮਾਰੋਹ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਆਪਣੇ ਫ੍ਰੈਂਚ ਹਮਰੁਤਬਾ ਫਲੋਰੈਂਸ ਪਾਰਲੀ ਨਾਲ ਮੌਜੂਦ ਸਨ। ਪਾਰਲੀ ਖ਼ਾਸਕਰ ਰਾਫੇਲ ਦੀ ਸ਼ਮੂਲੀਅਤ ਲਈ ਭਾਰਤ ਆਈ ਹੈ। ਇਸ ਮੌਕੇ ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਅਤੇ ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਵੀ ਮੌਜੂਦ ਸਨ। ਇੱਥੇ ਰਾਫੇਲ ਨੂੰ ਬੇੜੇ ‘ਚ ਸ਼ਾਮਿਲ ਕਰਨ ਤੋਂ ਪਹਿਲਾਂ ਇਸ ਦੀ ਰਵਾਇਤੀ ‘ਸਰਵਧਰਮ ਪੂਜਾ’ ਵੀ ਕੀਤੀ ਗਈ ਹੈ। ਇਸ ਦੌਰਾਨ ਰਾਫੇਲ ਨੂੰ ਵਾਟਰ ਕੈਨਨ ਨਾਲ ਸਲਾਮੀ ਦਿੱਤੀ ਗਈ, ਜਿਸ ਤੋਂ ਬਾਅਦ ਰਾਫੇਲ ਅਤੇ ਤੇਜਸ ਜਹਾਜ਼ਾਂ ਨੇ ਉਡਾਣ ਭਰੀ। ਇਸ ਤੋਂ ਪਹਿਲਾਂ ਫਲੋਰੈਂਸ ਪਾਰਲੀ ਨੂੰ ਦਿੱਲੀ ‘ਚ ਗਾਰਡ ਆਫ਼ ਆਨਰ ਦਿੱਤਾ ਗਿਆ ਸੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਉਨ੍ਹਾਂ ਨਾਲ ਪਾਲਮ ਏਅਰਫੋਰਸ ਸਟੇਸ਼ਨ ਵਿਖੇ ਮਿਲੇ ਸਨ, ਜਿਸ ਤੋਂ ਬਾਅਦ ਉਹ ਅੰਬਾਲਾ ਏਅਰਫੋਰਸ ਸਟੇਸ਼ਨ ਲਈ ਰਵਾਨਾ ਹੋ ਗਏ।