In Chandigarh the : ਚੰਡੀਗੜ੍ਹ : ਖੇਤੀ ਬਿੱਲਾਂ ਦੇ ਸਮਰਥਨ ‘ਚ ਭਾਜਪਾ ਵੱਲੋਂ ਕੱਢੀ ਜਾਣ ਵਾਲੀ ਟਰੈਕਟਰ ਰੈਲੀ ਨੂੰ ਚੰਡੀਗੜ੍ਹ ਪੁਲਿਸ ਨੇ ਸੈਕਟਰ-34 ਗਰਾਊਂਡ ‘ਚ ਹੀ ਰੋਕ ਦਿੱਤਾ ਹੈ। ਪਾਰਟੀ ਦੀ ਯੋਜਨਾ ਸ਼ਹਿਰ ਭਰ ‘ਚ ਟਰੈਕਟਰ ਰੈਲੀ ਕੱਢਣ ਦੀ ਸੀ ਪਰ ਸਰੀਰਕ ਦੂਰੀ ਦਾ ਨਿਯਮ ਬਣਾਏ ਰੱਖਣ ਲਈ ਪੁਲਿਸ ਨੇ ਰੈਲੀ ਨੂੰ ਸੈਕਟਰ-34 ‘ਚ ਹੀ ਰੋਕ ਦਿੱਤਾ ਜਿਸ ਕਾਰਨ ਭਾਜਪਾ ਨੂੰ ਰੈਲੀ ਦੁਸਹਿਰਾ ਗਰਾਊਂਡ ‘ਚ ਹੀ ਖਤਮ ਕਰਨੀ ਪਈ।
ਪੁਲਿਸ ਤੇ ਪਾਰਟੀ ਵਰਕਰਾਂ ਵਿਚ ਟਕਰਾਅ ਦੀ ਸਥਿਤੀ ਨਾ ਬਣੇ ਇਸ ਲਈ ਪਾਰਟੀ ਨੇ ਰੈਲੀ ਖਤਮ ਕਰਨ ਦਾ ਐਲਾਨ ਕੀਤਾ। ਭਾਜਪਾ ਜਨਰਲ ਸਕੱਤਰ ਰਾਮਵੀਰ ਭੱਟੀ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੀ ਆਪਣੀ ਹੀ ਹੈ ਤੇ ਉਹ ਵੀ ਨਿਯਮ ਤੋੜਨ ਦੇ ਪੱਖ ‘ਚ ਨਹੀਂ ਹਨ। ਰੈਲੀ ‘ਚ ਹਿੱਸਾ ਲੈਣ ਲਈ ਭਾਜਪਾ ਕਿਸਾਨ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਰਾਜ ਕੁਮਾਰ ਚਾਹਰ ਦਿੱਲੀ ਤੋਂ ਆਏ ਸਨ। ਚੰਡੀਗੜ੍ਹ ਭਾਜਪਾ ਅਰੁਣ ਸੂਦ ਨੇ ਪਾਰਟੀ ਦਫਤਰ ਤੋਂ ਇਸ ਰੈਲੀ ਦਾ ਆਰੰਭ ਕੀਤਾ। ਰੈਲੀ ‘ਚ 300 ਤੋਂ ਵੱਧ ਟਰੈਕਟਰ ਸ਼ਾਮਲ ਹੋਏ। ਭਾਜਪਾ ਨੇ ਇਸ ਰੈਲੀ ਨੂੰ ਸਫਲ ਬਣਾਉਣ ਲਈ ਪੂਰਾ ਜ਼ੋਰ ਲਗਾਇਆ ਸੀ ਪਰ ਪੁਲਿਸ ਨੇ ਭਾਜਪਾ ਦੇ ਪ੍ਰੋਗਰਾਮ ‘ਤੇ ਪਾਣੀ ਫੇਰ ਦਿੱਤਾ ਅਤੇ ਉਨ੍ਹਾਂ ਨੂੰ ਪੂਰੇ ਸ਼ਹਿਰ ‘ਚ ਰੈਲੀ ਨਹੀਂ ਕਰਨ ਦਿੱਤੀ।
ਇਸ ਰੈਲੀ ‘ਚ ਪੀ. ਐੱਮ. ਮੋਦੀ ਦੇ ਸਮਰਥਨ ‘ਚ ਖੂਬ ਨਾਅਰੇ ਵੀ ਲਗਾਏ ਗਏ। ਭਾਜਪਾ ਨੇ ਇਹ ਰੈਲੀ ਸੈਕਟਰ-32, 31, 29, ਟ੍ਰਿਬਿਊਨ ਚੌਕ, 30, 20, 22, 23, 24 ‘ਤੇ ਹੀ ਖਤਮ ਕਰਨ ਦੀ ਯੋਜਨਾ ਬਣਾਈ ਸੀ। ਇਸ ਦਾ ਆਯੋਜਨ ਭਾਜਪਾ ਦੇ ਕਿਸਾਨ ਮੋਰਚਾ ਵੱਲੋਂ ਕੀਤਾ ਗਿਆ। ਪ੍ਰਦੇਸ਼ ਪ੍ਰਧਾਨ ਅਰੁਣ ਸੂਦ ਨੇ ਕਿਹਾ ਕਿ ਵੱਖ-ਵੱਖ ਵਿਰੋਧੀ ਦਲ ਬੇਵਜ੍ਹਾ ਗਰੀਬ ਕਿਸਾਨਾਂ ਨੂੰ ਵਰਗਲਾ ਕੇ ਆਪਣੀਆਂ ਸਿਆਸੀ ਪਾਰਟੀਆਂ ਸੇਕਣ ‘ਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਦੇ ਭਲੇ ਲਈ ਹਨ। ਇਸ ਰੈਲੀ ਦੇ ਆਯੋਜਨ ‘ਚ ਲੱਗੇ ਪਾਰਟੀ ਦੇ ਪ੍ਰਦੇਸ਼ ਮਹਾਮੰਤਰੀ ਰਾਮਬੀਰ ਭੱਟੀ ਤੇ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਦੀਦਾਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਦੁੱਗਣਾ ਕਰਨ ਵਾਲੇ ਇਨ੍ਹਾਂ ਬਿੱਲਾਂ ਦੇ ਨਤੀਜੇ ਸਹੀ ਆਉਣਗੇ।