india china face off: ਇੱਕ ਹੋਰ ਚੀਨੀ ਕੰਪਨੀ ਵੀ ਭਾਰਤ ਅਤੇ ਚੀਨ ਦਰਮਿਆਨ ਤਾਜ਼ਾ ਤਣਾਅ ਦੀ ਪਕੜ ‘ਚ ਆ ਸਕਦੀ ਹੈ। ਹੁਆਵੇਈ ਭਾਰਤ ‘ਚ 5 ਜੀ ਸੇਵਾਵਾਂ ਦਾ ਪ੍ਰਮੁੱਖ ਦਾਅਵੇਦਾਰ ਹੈ। ਭਾਰਤ ਵਿੱਚ 5 ਜੀ ਦੀ ਨਿਲਾਮੀ ਇਸ ਸਮੇਂ ਇੱਕ ਸਾਲ ਲਈ ਮੁਲਤਵੀ ਕੀਤੀ ਗਈ ਹੈ, ਪਰ ਪਿੱਛਲੇ ਸਾਲ ਹੁਆਵੇਈ ਨੂੰ 5 ਜੀ ਟ੍ਰਾਇਲ ਵਿੱਚ ਹਿੱਸਾ ਲੈਣ ਦੀ ਆਗਿਆ ਦਿੱਤੀ ਗਈ ਸੀ। ਅਮਰੀਕਾ ਹੁਆਵੇਈ ਨੂੰ ਬਾਹਰ ਰੱਖਣ ਲਈ ਦੁਨੀਆ ਭਰ ਦੇ ਦੇਸ਼ਾਂ ‘ਤੇ ਦਬਾਅ ਪਾ ਰਿਹਾ ਹੈ। ਹੁਆਵੇਈ ਉਤਪਾਦਾਂ ‘ਤੇ ਮਈ 2021 ਤੱਕ ਅਮਰੀਕਾ ਵਿੱਚ ਪਾਬੰਦੀ ਲਗਾਈ ਗਈ ਹੈ। ਸੂਤਰਾਂ ਅਨੁਸਾਰ ਦੱਸਿਆ ਗਿਆ ਹੈ ਕਿ ਕੱਲ੍ਹ ਮੋਦੀ ਸਰਕਾਰ ਦੇ ਸੀਨੀਅਰ ਮੰਤਰੀਆਂ ਦੀ ਮੀਟਿੰਗ ਵਿੱਚ 5 ਜੀ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ ਸਨ। ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਵਣਜ ਮੰਤਰੀ ਪੀਯੂਸ਼ ਗੋਇਲ ਇਸ ਮੀਟਿੰਗ ਵਿੱਚ ਸ਼ਾਮਿਲ ਹੋਏ ਸੀ।
ਮੀਟਿੰਗ ਦੇ ਨਤੀਜੇ ਪਤਾ ਨਹੀਂ ਚੱਲੇ ਹਨ। ਹੁਆਵੇਈ ਦਾ ਭਾਰਤ ਵਿੱਚ ਵਿਰੋਧ ਹੋ ਰਿਹਾ ਹੈ ਕਿਉਂਕਿ ਇਸ ਦੇ ਸੰਸਥਾਪਕ ਦੇ ਪੀ.ਐਲ.ਏ. ਨਾਲ ਰਿਸ਼ਤੇ ਦੱਸੇ ਜਾਂਦੇ ਹਨ। ਸਰਹੱਦੀ ਵਿਵਾਦ ਤੋਂ ਬਾਅਦ ਦੇਸ਼ ਵਿੱਚ ਬਦਲੇ ਹੋਏ ਮਾਹੌਲ ਵਿੱਚ ਹੁਆਵੇਈ ਲਈ ਰਾਹ ਮੁਸ਼ਕਿਲ ਹੋਵੇਗਾ। ਭਾਰਤ ਵਿੱਚ ਸੁਰੱਖਿਆ ਕਾਰਨਾਂ ਕਰਕੇ ਹੁਆਵੇਈ ਬਾਰੇ ਚਿੰਤਾ ਜ਼ਾਹਿਰ ਕੀਤੀ ਗਈ ਹੈ। ਹੁਆਵੇਈ ਸਿੰਗਾਪੁਰ ਵਿੱਚ 5 ਜੀ ਦੌੜ ਵਿਚੋਂ ਬਾਹਰ ਹੋ ਗਿਆ ਹੈ। ਨੋਕੀਆ ਅਤੇ ਐਰਿਕਸਨ ਨੂੰ ਉਥੇ ਇੱਕ ਮੌਕਾ ਮਿਲਿਆ। ਅਮਰੀਕਾ ਅਤੇ ਆਸਟ੍ਰੇਲੀਆ ਵਿੱਚ ਸੁਰੱਖਿਆ ਕਾਰਨਾਂ ਕਰਕੇ ਹੁਆਵੇਈ ਨੂੰ ਟ੍ਰਾਇਲ ਤੋਂ ਬਾਹਰ ਰੱਖਿਆ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਭਾਰਤ ਸਰਕਾਰ ਹੁਆਵੇਈ ‘ਤੇ ਵੀ ਕਾਰਵਾਈ ਕਰ ਸਕਦੀ ਹੈ।
ਮਹੱਤਵਪੂਰਣ ਗੱਲ ਇਹ ਹੈ ਕਿ ਸਰਕਾਰ ਨੇ ਚੀਨੀ ਐਪਸ ‘ਤੇ ਕਾਰਵਾਈ ਸ਼ੁਰੂ ਕੀਤੀ ਹੈ ਜੋ ਦੇਸ਼ ਦੀ ਸੁਰੱਖਿਆ ਨੂੰ ਖਤਰੇ ‘ਚ ਪਾਉਂਦੀਆਂ ਹਨ। ਟਿਕ ਟੋਕ ਸਮੇਤ 59 ਚੀਨੀ ਐਪਸ ਉੱਤੇ ਬੀਤੇ ਦਿਨ ਪਾਬੰਦੀ ਲਗਾਈ ਗਈ ਹੈ। ਚੀਨ ਦੀਆ ਬਾਕੀ ਐਪ ‘ਤੇ ਵੀ ਤਲਵਾਰ ਲਟਕ ਰਹੀ ਹੈ। ਅਗਲੇ ਇੱਕ ਜਾਂ ਦੋ ਦਿਨਾਂ ਵਿੱਚ ਸਾਰੇ ਐਪ ਡੇਟਾ ਤੇ ਰੋਕ ਲਗਾ ਦਿੱਤੀ ਜਾਏਗੀ। ਇਹ ਐਪਸ ਗੂਗਲ ਪਲੇ ਸਟੋਰ ਤੋਂ ਹਟਾ ਦਿੱਤੇ ਗਏ ਹਨ। ਉਨ੍ਹਾਂ ਦੇ ਅਪਡੇਟ ਵੀ ਉਪਲਬਧ ਨਹੀਂ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਇਹ ਪਾਬੰਦੀ ਅੰਤਰਿਮ ਹੈ। ਹੁਣ ਮਾਮਲਾ ਇੱਕ ਕਮੇਟੀ ਕੋਲ ਜਾਵੇਗਾ। ਪਾਬੰਦੀਸ਼ੁਦਾ ਐਪਸ ਆਪਣਾ ਪੱਖ ਕਮੇਟੀ ਦੇ ਸਾਹਮਣੇ ਪੇਸ਼ ਕਰ ਸਕਦੇ ਹਨ, ਜਿਸ ਤੋਂ ਬਾਅਦ ਕਮੇਟੀ ਫੈਸਲਾ ਕਰੇਗੀ ਕਿ ਪਾਬੰਦੀ ਜਾਰੀ ਰੱਖਣੀ ਹੈ ਜਾਂ ਹਟਾ ਦਿੱਤੀ ਜਾਵੇ।