keshubhai patel death pm modi: ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਕੇਸ਼ੂਭਾਈ ਪਟੇਲ ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਕੇਸ਼ੂਭਾਈ ਪਟੇਲ ਦੋ ਵਾਰ ਗੁਜਰਾਤ ਦੇ ਮੁੱਖ ਮੰਤਰੀ ਦੇ ਅਹੁਦੇ ‘ਤੇ ਵੀ ਰਹੇ ਹਨ। ਦੋ ਦਿਨ ਪਹਿਲਾਂ ਉਹ ਕੋਰੋਨਾ ਵਾਇਰਸ ਨਾਲ ਵੀ ਸੰਕਰਮਿਤ ਹੋਏ ਸੀ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਦਿੱਗਜ ਰਾਜ ਨੇਤਾ ਕੇਸ਼ੂਭਾਈ ਪਟੇਲ ਨੂੰ ਵੀਰਵਾਰ ਸਵੇਰੇ ਸਾਹ ਲੈਣ ਵਿੱਚ ਮੁਸ਼ਕਿਲ ਆਉਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ ਹੈ। ਕੇਸ਼ੂਭਾਈ ਪਟੇਲ 92 ਸਾਲਾਂ ਦੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਾਡੇ ਪਿਆਰੇ ਅਤੇ ਸਤਿਕਾਰਤ ਕੇਸ਼ੂਭਾਈ ਦਾ ਦਿਹਾਂਤ ਹੋ ਗਿਆ ਹੈ। ਮੈਂ ਬਹੁਤ ਪਰੇਸ਼ਾਨ ਅਤੇ ਉਦਾਸ ਹਾਂ। ਉਹ ਇੱਕ ਉੱਘੇ ਨੇਤਾ ਸਨ ਜੋ ਸਮਾਜ ਦੇ ਹਰ ਵਰਗ ਦੀ ਦੇਖਭਾਲ ਕਰਦੇ ਸਨ। ਉਨ੍ਹਾਂ ਦਾ ਜੀਵਨ ਗੁਜਰਾਤ ਦੀ ਤਰੱਕੀ ਅਤੇ ਹਰ ਗੁਜਰਾਤੀ ਦੇ ਸਸ਼ਕਤੀਕਰਨ ਲਈ ਸਮਰਪਿਤ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਗੇ ਕਿਹਾ ਕਿ ਕੇਸ਼ੂਭਾਈ ਨੇ ਜਨ ਸੰਘ ਅਤੇ ਭਾਜਪਾ ਨੂੰ ਮਜ਼ਬੂਤ ਕਰਨ ਲਈ ਗੁਜਰਾਤ ਦੀਆਂ ਕਈ ਯਾਤਰਾਵਾਂ ਕੀਤੀਆਂ। ਉਨ੍ਹਾਂ ਨੇ ਐਮਰਜੈਂਸੀ ਦਾ ਵਿਰੋਧ ਕੀਤਾ। ਕਿਸਾਨ ਭਲਾਈ ਦੇ ਮਸਲੇ ਉਨ੍ਹਾਂ ਦੇ ਦਿਲ ਦੇ ਨੇੜੇ ਸਨ। ਵਿਧਾਇਕ, ਸੰਸਦ ਮੈਂਬਰ, ਮੰਤਰੀ ਜਾਂ ਮੁੱਖ ਮੰਤਰੀ ਹੋਣ ਦੇ ਨਾਤੇ, ਉਨ੍ਹਾਂ ਨੇ ਇਹ ਸੁਨਿਸ਼ਚਿਤ ਕੀਤਾ ਕਿ ਕਿਸਾਨ ਹਿਤੈਸ਼ੀ ਉਪਾਅ ਕੀਤੇ ਜਾਣ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੇਸ਼ੂਭਾਈ ਨੇ ਮੇਰੇ ਵਰਗੇ ਬਹੁਤ ਸਾਰੇ ਛੋਟੇ ਵਰਕਰ ਤਿਆਰ ਕੀਤੇ ਸਨ। ਹਰ ਕੋਈ ਉਨ੍ਹਾਂ ਦਾ ਦੋਸਤਾਨਾ ਸੁਭਾਅ ਪਸੰਦ ਕਰਦਾ ਸੀ। ਉਨ੍ਹਾਂ ਦੀ ਮੌਤ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਅੱਜ ਅਸੀਂ ਸਾਰੇ ਅਫ਼ਸੋਸ ਕਰ ਰਹੇ ਹਾਂ। ਮੇਰੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਅਤੇ ਸ਼ੁਭਚਿੰਤਕਾਂ ਨਾਲ ਹੈ। ਮੈਂ ਉਨ੍ਹਾਂ ਦੇ ਬੇਟੇ ਭਰਤ ਨਾਲ ਗੱਲ ਕੀਤੀ ਅਤੇ ਦੁਖ ਜਾਹਿਰ ਕੀਤਾ। ਕੇਸ਼ੂਭਾਈ ਪਟੇਲ ਨੇ ਸਭ ਤੋਂ ਪਹਿਲਾਂ ਸਾਲ 1995 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 1998 ਤੋਂ 2001 ਤੱਕ ਦੂਜੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਕੇਸ਼ੂਭਾਈ ਪਟੇਲ ਨੇ ਰਾਜ ਵਿੱਚ ਛੇ ਵਾਰ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ। ਕੇਸ਼ੂਭਾਈ ਪਟੇਲ ਨੇ ਸਾਲ 2012 ਵਿੱਚ ਭਾਜਪਾ ਪਾਰਟੀ ਛੱਡ ਦਿੱਤੀ ਸੀ ਅਤੇ ਆਪਣੀ ਨਵੀਂ ਪਾਰਟੀ ‘ਗੁਜਰਾਤ ਪਰਿਵਰਤਨ ਪਾਰਟੀ’ ਬਣਾਈ ਸੀ। 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਵਿਸਾਵਦਰ ਸੀਟ ਤੋਂ ਵਿਧਾਇਕ ਚੁਣੇ ਗਏ ਸਨ, ਪਰ ਬਾਅਦ ਵਿੱਚ ਖਰਾਬ ਸਿਹਤ ਕਾਰਨ ਉਨ੍ਹਾਂ ਨੇ 2014 ਵਿੱਚ ਅਸਤੀਫਾ ਦੇ ਦਿੱਤਾ ਸੀ।