khushbu sundar joins bjp: ਨਵੀਂ ਦਿੱਲੀ: ਕਾਂਗਰਸ ਛੱਡਣ ਤੋਂ ਬਾਅਦ ਮਸ਼ਹੂਰ ਤਾਮਿਲ ਅਭਿਨੇਤਰੀ ਖੁਸ਼ਬੂ ਸੁੰਦਰ ਹੁਣ ਭਾਜਪਾ ‘ਚ ਸ਼ਾਮਿਲ ਹੋ ਗਈ ਹੈ। ਭਾਜਪਾ ਵਿੱਚ ਸ਼ਾਮਿਲ ਹੋਣ ਦੀਆਂ ਕਿਆਸਅਰਾਈਆਂ ਦੇ ਵਿਚਕਾਰ ਕਾਂਗਰਸ ਨੇ ਖੁਸ਼ਬੂ ਨੂੰ ਰਾਸ਼ਟਰੀ ਬੁਲਾਰੇ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਆਪਣਾ ਅਸਤੀਫਾ ਭੇਜ ਦਿੱਤਾ। ਉਨ੍ਹਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸ਼ਿਕਾਇਤ ਪੱਤਰ ਲਿਖਿਆ ਅਤੇ ਪਾਰਟੀ ਦੇ ਚੋਟੀ ਦੇ ਨੇਤਾਵਾਂ ‘ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਕੁੱਝ ਤੱਤ ਪਾਰਟੀ ਦੇ ਅੰਦਰ ਉੱਚ ਪੱਧਰੀ ਅਹੁਦੇ ‘ਤੇ ਬੈਠੇ ਹਨ, ਉਹ ਲੋਕ ਜਿਨ੍ਹਾਂ ਦਾ ਜ਼ਮੀਨੀ ਹਕੀਕਤ ਜਾਂ ਜਨਤਕ ਮਾਨਤਾ ਨਾਲ ਕੋਈ ਸਬੰਧ ਨਹੀਂ ਹੈ। ਉਹ ਸ਼ਰਤਾਂ ਤੈਅ ਕਰ ਰਹੇ ਹਨ। ਖੁਸ਼ਬੂ ਸੁੰਦਰ ਨੇ ਸਾਲ 2010 ਵਿੱਚ ਰਾਜਨੀਤੀ ਵਿੱਚ ਪੈਰ ਧਰਿਆ ਸੀ। ਖੁਸ਼ਬੂ ਨੇ ਆਪਣੇ ਰਾਜਨੀਤਿਕ ਕਰੀਅਰ ਦੀ ਸ਼ੁਰੂਆਤ 2010 ਵਿੱਚ ਡੀਐਮਕੇ ਪਾਰਟੀ ਵਿੱਚ ਸ਼ਾਮਿਲ ਹੋ ਕੇ ਕੀਤੀ ਸੀ। ਉਸ ਵੇਲੇ ਡੀਐਮਕੇ ਸੱਤਾ ਵਿੱਚ ਸੀ। ਚਾਰ ਸਾਲਾਂ ਬਾਅਦ ਖੁਸ਼ਬੂ ਸੁੰਦਰ ਡੀਐਮਕੇ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਿਲ ਹੋ ਗਈ ਸੀ।
2014 ਵਿੱਚ, ਉਹ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕਾਂਗਰਸ ਵਿੱਚ ਸ਼ਾਮਿਲ ਹੋਈ ਸੀ। ਫਿਰ ਇੱਕ ਬਿਆਨ ਵਿੱਚ ਉਸਨੇ ਕਿਹਾ, ‘ਮੈਨੂੰ ਲਗਦਾ ਹੈ ਕਿ ਮੈਂ ਆਪਣੇ ਘਰ ਵਿੱਚ ਹਾਂ। ਕਾਂਗਰਸ ਹੀ ਇੱਕ ਅਜਿਹੀ ਪਾਰਟੀ ਹੈ ਜੋ ਭਾਰਤ ਦੇ ਲੋਕਾਂ ਦਾ ਭਲਾ ਕਰ ਸਕਦੀ ਹੈ ਅਤੇ ਦੇਸ਼ ਨੂੰ ਇਕਜੁੱਟ ਕਰ ਸਕਦੀ ਹੈ।’ ਪਰ ਕਾਂਗਰਸ ਵਿੱਚ ਰਹਿੰਦੇ ਹੋਏ, ਉਸਨੂੰ ਨਾ ਤਾਂ 2019 ਦੀਆਂ ਲੋਕ ਸਭਾ ਚੋਣਾਂ ਲਈ ਟਿਕਟ ਮਿਲੀ ਅਤੇ ਨਾ ਹੀ ਰਾਜ ਸਭਾ ਲਈ ਚੁਣਿਆ ਗਿਆ। ਇਹ ਮੰਨਿਆ ਜਾ ਰਿਹਾ ਸੀ ਕਿ ਉਸ ਨੂੰ 2019 ਵਿੱਚ ਲੋਕ ਸਭਾ ਦੀ ਟਿਕਟ ਦਿੱਤੀ ਜਾਵੇਗੀ, ਪਰ ਅਜਿਹਾ ਨਹੀਂ ਹੋਇਆ। ਜਦੋਂ ਕਿ ਡੀਐਮਕੇ-ਕਾਂਗਰਸ ਗੱਠਜੋੜ ਨੇ ਰਾਜ ਵਿੱਚ ਵੱਡੀ ਜਿੱਤ ਦਰਜ ਕੀਤੀ ਸੀ।