nagrota encounter pm modi: ਜੰਮੂ-ਕਸ਼ਮੀਰ ਦੇ ਨਗਰੋਟਾ ਵਿੱਚ ਅੱਤਵਾਦੀਆਂ ਨਾਲ ਮੁਕਾਬਲੇ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ ਹੈ। ਇਸ ਬੈਠਕ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ, ਐਨਐਸਏ ਅਜੀਤ ਡੋਵਲ, ਵਿਦੇਸ਼ ਸਕੱਤਰ ਸਮੇਤ ਸਾਰੀਆਂ ਖੁਫੀਆ ਏਜੰਸੀਆਂ ਦੇ ਅਧਿਕਾਰੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਅੱਤਵਾਦੀ 26/11 ਦੀ ਬਰਸੀ ਮੌਕੇ ਇੱਕ ਵੱਡੀ ਸਾਜਿਸ਼ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਵਿੱਚ ਸਨ। ਜੰਮੂ ਕਸ਼ਮੀਰ ਦੇ ਨਗਰੋਟਾ ਐਨਕਾਉਂਟਰ ਵਿੱਚ ਸੁਰੱਖਿਆ ਬਲਾਂ ਨੇ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਦੇ ਚਾਰ ਅੱਤਵਾਦੀਆਂ ਨੂੰ ਢੇਰ ਕੀਤਾ ਸੀ। ਉੱਚ ਪੱਧਰੀ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਾਮਲੇ ਵਿੱਚ ਪਾਕਿਸਤਾਨ ਦਾ ਸਿੱਧਾ ਨਾਮ ਲਿਆ ਹੈ। ਪੀਐਮ ਮੋਦੀ ਨੇ ਲਗਾਤਾਰ ਦੋ ਟਵੀਟ ਕੀਤੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਜਿਸ ਇਰਾਦੇ ਨਾਲ ਭਾਰਤ ਵਿੱਚ ਦਾਖਲ ਹੋਏ ਸੀ, ਸਾਡੇ ਚੌਕਸ ਸੁਰੱਖਿਆ ਬਲਾਂ ਨੇ ਉਨ੍ਹਾਂ ਦੇ ਇਰਾਦੇ ‘ਤੇ ਪਾਣੀ ਫੇਰ ਦਿੱਤਾ।
ਪੀਐਮ ਮੋਦੀ ਨੇ ਕਿਹਾ ਕਿ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਸਬੰਧਿਤ 4 ਅੱਤਵਾਦੀਆਂ ਦੇ ਨਾਲ ਵੱਡੀ ਗਿਣਤੀ ਵਿੱਚ ਹਥਿਆਰਾਂ ਅਤੇ ਵਿਸਫੋਟਕਾਂ ਦੀ ਮੌਜੂਦਗੀ ਨੇ ਸੰਕੇਤ ਦਿੱਤਾ ਕਿ ਇਹ ਅੱਤਵਾਦੀ ਸਾਡੇ ਦੇਸ਼ ਦੇ ਅੰਦਰ ਦਹਿਸ਼ਤ ਫੈਲਾਉਣ ਆਏ ਸਨ ਅਤੇ ਫੌਜ ਨੇ ਉਨ੍ਹਾਂ ਦੀਆਂ ਯੋਜਨਾਵਾਂ ‘ਤੇ ਪਾਣੀ ਫੇਰ ਦਿੱਤਾ।
ਉਨ੍ਹਾਂ ਅੱਗੇ ਕਿਹਾ ਕਿ ਅੱਤਵਾਦੀਆਂ ਦੀ ਸਾਜ਼ਿਸ਼ ਨੂੰ ਸਾਡੇ ਸੁਰੱਖਿਆ ਬਲਾਂ ਨੇ ਇੱਕ ਵਾਰ ਫਿਰ ਅਤਿ ਬਹਾਦਰੀ ਅਤੇ ਆਪਣੀ ਚੌਕਸੀ ਕਾਰਨ ਨਾਕਾਮ ਕਰ ਦਿੱਤਾ। ਪੀਐਮ ਮੋਦੀ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਵਿੱਚ ਜ਼ਮੀਨੀ ਲੋਕਤੰਤਰੀ ਪ੍ਰਣਾਲੀ ਨੂੰ ਨਿਸ਼ਾਨਾ ਬਣਾਉਣ ਵਾਲੀ ਇੱਕ ਨਾਪਾਕ ਸਾਜ਼ਿਸ਼ ਨੂੰ ਹਰਾਇਆ ਹੈ।