narendra modi quit weibo: ਨਵੀਂ ਦਿੱਲੀ: ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਚੀਨ ‘ਤੇ ਸਖ਼ਤੀ ਕਰਨ ਲਈ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ। ਇਸ ਦੇ ਮੱਦੇਨਜ਼ਰ, ਹਾਲ ਹੀ ਵਿੱਚ 59 ਚੀਨੀ ਐਪਸ ਤੇ ਪਾਬੰਦੀ ਲਗਾਈ ਗਈ ਹੈ। ਇਨ੍ਹਾਂ 59 ਐਪਸ ਵਿੱਚ ਟਿੱਕ ਟੋਕ ਅਤੇ Weibo ਵਰਗੇ ਐਪਸ ਵੀ ਸ਼ਾਮਿਲ ਹਨ ਜੋ ਕਾਫ਼ੀ ਮਸ਼ਹੂਰ ਹਨ। ਹੁਣ ਸੂਤਰ ਦੱਸ ਰਹੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਅਕਾਊਂਟ Weibo ਤੋਂ ਹਟਾ ਦਿੱਤਾ ਹੈ। ਪ੍ਰਧਾਨ ਮੰਤਰੀ ਮੋਦੀ ਕੁੱਝ ਸਾਲ ਪਹਿਲਾਂ ਹੀ Weibo ਵਿੱਚ ਸ਼ਾਮਿਲ ਹੋਏ ਸਨ। ਸੂਤਰਾਂ ਨੇ ਕਿਹਾ ਹੈ ਕਿ ਵੀਆਈਪੀ ਖਾਤਿਆਂ ਲਈ, Weibo ਨੂੰ ਛੱਡਣਾ ਇੱਕ ਗੁੰਝਲਦਾਰ ਪ੍ਰਕਿਰਿਆ ਹੈ। ਇਹੀ ਕਾਰਨ ਹੈ ਕਿ ਅਧਿਕਾਰਤ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਵੀ ਇਜਾਜ਼ਤ ਦੇਣ ਵਿੱਚ ਕਾਫ਼ੀ ਦੇਰੀ ਹੋ ਰਹੀ ਹੈ। ਦੱਸ ਦੇਈਏ ਕਿ ਪੀਐਮ ਮੋਦੀ ਦੀਆਂ Weibo ‘ਤੇ 115 ਪੋਸਟਾਂ ਸਨ। ਉਨ੍ਹਾਂ ਨੂੰ ਹੱਥੀਂ ਹਟਾਉਣ ਦਾ ਫੈਸਲਾ ਲਿਆ ਗਿਆ ਸੀ ਅਤੇ ਬਹੁਤ ਕੋਸ਼ਿਸ਼ ਦੇ ਬਾਅਦ 113 ਪੋਸਟਾਂ ਹਟਾ ਦਿੱਤੀਆਂ ਗਈਆਂ ਹਨ।
ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਚੀਨ ਨਾਲ ਸਰਹੱਦ ‘ਤੇ ਹੋਏ ਵਿਵਾਦ ਦੇ ਵਿਚਕਾਰ ਇੱਕ ਵੱਡਾ ਫੈਸਲਾ ਲਿਆ ਗਿਆ ਸੀ। ਭਾਰਤ ਵਿੱਚ 59 ਚੀਨੀ ਐਪਸ ਉੱਤੇ ਪਾਬੰਦੀ ਲਗਾਈ ਗਈ ਹੈ। ਜਿਨ੍ਹਾਂ ਐਪਸ ਤੇ ਪਾਬੰਦੀ ਲਗਾਈ ਗਈ ਹੈ ਉਨ੍ਹਾਂ ਵਿੱਚ ਟਿਕ ਟੋਕ, ਯੂਸੀ ਬਰਾਊਜ਼ਰ, ਸ਼ੇਅਰ ਇਟ ਆਦਿ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ ਹੈਲੋ, ਲਾਈਕ, ਕੈਮ ਸਕੈਨਰ, ਸ਼ੀਨ ਕਵਾਈ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਬੈਡੂ ਮੈਪ, ਕੇਵਾਈ, ਡੀਯੂ ਬੈਟਰੀ ਸਕੈਨਰ ਉੱਤੇ ਵੀ ਪਾਬੰਦੀ ਲਗਾਈ ਗਈ ਹੈ। ਦੱਸ ਦੇਈਏ ਕਿ ਸਰਕਾਰ ਨੇ ਆਈਟੀ ਐਕਟ 2000 ਦੇ ਤਹਿਤ ਇਨ੍ਹਾਂ ਚੀਨੀ ਐਪਸ ਉੱਤੇ ਪਾਬੰਦੀ ਲਗਾਈ ਹੈ। ਇਸ ਤੋਂ ਪਹਿਲਾਂ, ਭਾਰਤੀ ਸੁਰੱਖਿਆ ਏਜੰਸੀਆਂ ਨੇ ਚੀਨੀ ਐਪ ਦੀ ਇੱਕ ਸੂਚੀ ਤਿਆਰ ਕੀਤੀ ਸੀ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਉਨ੍ਹਾਂ ‘ਤੇ ਪਾਬੰਦੀ ਲਗਾਉਣ ਜਾਂ ਲੋਕਾਂ ਨੂੰ ਉਨ੍ਹਾਂ ਦੇ ਮੋਬਾਈਲ ਤੋਂ ਤੁਰੰਤ ਹਟਾਉਣ ਲਈ ਕਿਹਾ ਜਾਵੇ। ਇਸਦੇ ਪਿੱਛੇ ਤਰਕ ਇਹ ਸੀ ਕਿ ਚੀਨ ਭਾਰਤੀ ਡੇਟਾ ਨੂੰ ਹੈਕ ਕਰ ਸਕਦਾ ਹੈ।