Piyush Goyal gets additional charge: ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਵੀਰਵਾਰ ਸ਼ਾਮ ਨੂੰ ਦੇਹਾਂਤ ਹੋ ਗਿਆ ਸੀ। ਦੇਸ਼ ਦੇ ਕਈ ਮਹਾਨ ਨੇਤਾ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚੇ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦੌਰਾਨ, ਰਾਮ ਵਿਲਾਸ ਪਾਸਵਾਨ ਦੀ ਗੈਰਹਾਜ਼ਰੀ ਕਾਰਨ ਉਨ੍ਹਾਂ ਦੇ ਮੰਤਰਾਲੇ ਦਾ ਵਾਧੂ ਚਾਰਜ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੂੰ ਸੌਂਪਿਆ ਗਿਆ ਹੈ। ਰਾਸ਼ਟਰਪਤੀ ਭਵਨ ਨੇ ਸ਼ੁੱਕਰਵਾਰ ਨੂੰ ਇੱਕ ਪ੍ਰੈਸ ਬਿਆਨ ਜਾਰੀ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਰਾਮ ਵਿਲਾਸ ਪਾਸਵਾਨ ਕੇਂਦਰ ਸਰਕਾਰ ਵਿੱਚ ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ ਸਨ। ਹੁਣ ਪਿਯੂਸ਼ ਗੋਇਲ ਇਹ ਵਾਧੂ ਚਾਰਜ ਸੰਭਾਲਣਗੇ। ਪਿਯੂਸ਼ ਗੋਇਲ ਕੋਲ ਇਸ ਤੋਂ ਪਹਿਲਾਂ ਰੇਲ ਮੰਤਰਾਲਾ ਅਤੇ ਵਣਜ-ਉਦਯੋਗ ਮੰਤਰਾਲਾ ਸੰਭਾਲ ਰਹੇ ਹਨ। ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਮੰਡਲ ਦੀ ਇੱਕ ਬੈਠਕ ਵਿੱਚ ਰਾਮ ਵਿਲਾਸ ਪਾਸਵਾਨ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਤੋਂ ਇਲਾਵਾ ਦੇਸ਼ ਵਿੱਚ ਰਾਸ਼ਟਰੀ ਸੋਗ ਦੀ ਘੋਸ਼ਣਾ ਕੀਤੀ ਗਈ ਹੈ, ਜਿਸ ਦੇ ਤਹਿਤ ਸਰਕਾਰੀ ਦਫਤਰਾਂ ‘ਚ ਤਿਰੰਗਾ ਅੱਧ ‘ਚ ਝੁਕਿਆ ਹੋਇਆ ਹੈ। ਸ਼ਨੀਵਾਰ ਨੂੰ ਰਾਮ ਵਿਲਾਸ ਪਾਸਵਾਨ ਦਾ ਅੰਤਿਮ ਸੰਸਕਾਰ ਪਟਨਾ ‘ਚ ਹੋਵੇਗਾ, ਅਜਿਹੀ ਸਥਿਤੀ ‘ਚ ਰਵੀ ਸ਼ੰਕਰ ਪ੍ਰਸਾਦ ਪਟਨਾ ਵਿੱਚ ਕੇਂਦਰ ਸਰਕਾਰ ਦੇ ਪ੍ਰਤੀਨਿਧੀ ਵਜੋਂ ਮੌਜੂਦ ਰਹਿਣਗੇ।
ਰਾਮ ਵਿਲਾਸ ਪਾਸਵਾਨ ਨੂੰ ਸਿਰਫ ਬਿਹਾਰ ਵਿੱਚ ਹੀ ਨਹੀਂ ਬਲਕਿ ਦੇਸ਼ ਦੇ ਇੱਕ ਵੱਡੇ ਦਲਿਤ ਆਗੂ ਵਜੋਂ ਦੇਖਿਆ ਜਾਂਦਾ ਹੈ। ਉਨ੍ਹਾਂ ਨੇ ਕਈ ਕੇਂਦਰੀ ਸਰਕਾਰਾਂ ਵਿੱਚ ਮੰਤਰੀ ਵਜੋਂ ਸੇਵਾ ਨਿਭਾਈ, ਉਨ੍ਹਾਂ ਦੀ ਪਾਰਟੀ ਦਾ ਬਿਹਾਰ ਵਿੱਚ ਵੀ ਇਤਿਹਾਸ ਰਿਹਾ ਹੈ। 74 ਸਾਲਾ ਰਾਮ ਵਿਲਾਸ ਪਾਸਵਾਨ ਦਾ ਪਿੱਛਲੇ ਲੰਬੇ ਸਮੇਂ ਤੋਂ ਦਿੱਲੀ ਦੇ ਇੱਕ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਚਿਰਾਗ ਪਾਸਵਾਨ ਵਲੋਂ ਉਨ੍ਹਾਂ ਦੀ ਸਿਹਤ ਬਾਰੇ ਲਗਾਤਾਰ ਦੱਸਿਆ ਜਾ ਰਿਹਾ ਸੀ, ਵੀਰਵਾਰ ਨੂੰ ਚਿਰਾਗ ਪਾਸਵਾਨ ਨੇ ਟਵੀਟ ਕਰਕੇ ਉਨ੍ਹਾਂ ਦੀ ਮੌਤ ਬਾਰੇ ਜਾਣਕਾਰੀ ਦਿੱਤੀ ਸੀ। ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਕਾਂਗਰਸ ਨੇਤਾ ਰਾਹੁਲ ਗਾਂਧੀ, ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਅਤੇ ਹੋਰ ਵੱਡੇ ਨੇਤਾ ਵੀ ਜਨਪਥ ਪਹੁੰਚੇ ਅਤੇ ਰਾਮ ਵਿਲਾਸ ਪਾਸਵਾਨ ਨੂੰ ਸ਼ਰਧਾਂਜਲੀ ਦਿੱਤੀ।