pm meeting with chief ministers: ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਪਿੱਛਲੇ 25 ਦਿਨਾਂ ਵਿੱਚ 12 ਲੱਖ ਤੋਂ ਵੱਧ ਕੋਰੋਨਾ ਦੇ ਮਾਮਲੇ ਆਏ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੇਸ਼ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਕੋਰੋਨਾ ਵਾਇਰਸ ਦੀ ਸਥਿਤੀ ਬਾਰੇ ਵਿਚਾਰ ਵਟਾਂਦਰੇ ਕਰ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਸਭ ਤੋਂ ਵੱਧ ਪ੍ਰਭਾਵਿਤ ਦਸ ਰਾਜਾਂ ਆਂਧਰਾ ਪ੍ਰਦੇਸ਼, ਕਰਨਾਟਕ, ਤਾਮਿਲਨਾਡੂ, ਪੱਛਮੀ ਬੰਗਾਲ, ਮਹਾਰਾਸ਼ਟਰ, ਪੰਜਾਬ, ਬਿਹਾਰ, ਗੁਜਰਾਤ, ਤੇਲੰਗਾਨਾ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰ ਰਹੇ ਹਨ। ਮੁੱਖ ਮੰਤਰੀਆਂ ਤੋਂ ਇਲਾਵਾ ਰਾਜਾਂ ਦੇ ਮੁੱਖ ਸਕੱਤਰ ਅਤੇ ਸਿਹਤ ਸਕੱਤਰ ਵੀ ਇਸ ਮੀਟਿੰਗ ਵਿੱਚ ਹਿੱਸਾ ਲੈ ਰਹੇ ਹਨ। ਕੇਂਦਰ ਤੋਂ, ਕੈਬਨਿਟ ਸਕੱਤਰ, ਕੇਂਦਰੀ ਗ੍ਰਹਿ ਸਕੱਤਰ, ਕੇਂਦਰੀ ਸਿਹਤ ਸਕੱਤਰ ਇਸ ਮੀਟਿੰਗ ਵਿੱਚ ਸ਼ਾਮਿਲ ਹਨ। ਪ੍ਰਧਾਨ ਮੰਤਰੀ ਸਾਰੇ ਮੁੱਖ ਮੰਤਰੀਆਂ ਤੋਂ ਉਨ੍ਹਾਂ ਦੇ ਰਾਜ ਦੀ ਕੋਰੋਨਾ ਸਥਿਤੀ ਬਾਰੇ ਜਾਣਕਾਰੀ ਲੈ ਰਹੇ ਹਨ।
ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਤੱਕ 22 ਲੱਖ 68 ਹਜ਼ਾਰ 675 ਵਿਅਕਤੀ ਕੋਰੋਨਾ ਨਾਲ ਸੰਕਰਮਿਤ ਹੋਏ ਹਨ। ਇਨ੍ਹਾਂ ਵਿਚੋਂ 45,257 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 15 ਲੱਖ 83 ਹਜ਼ਾਰ ਲੋਕ ਵੀ ਠੀਕ ਹੋ ਚੁੱਕੇ ਹਨ। ਪਿੱਛਲੇ 24 ਘੰਟਿਆਂ ਵਿੱਚ, ਕੋਰੋਨਾ ਵਾਇਰਸ ਦੇ 53 ਹਜ਼ਾਰ ਨਵੇਂ ਕੇਸ ਸਾਹਮਣੇ ਆਏ ਹਨ ਅਤੇ 871 ਮੌਤਾਂ ਹੋਈਆਂ ਹਨ। ਇਨ੍ਹਾਂ ਵਿੱਚ ਸਰਗਰਮ ਮਰੀਜ਼ਾਂ ਦੀ ਗਿਣਤੀ 6 ਲੱਖ 40 ਹਜ਼ਾਰ ਹੈ। ਅੰਕੜਿਆਂ ਅਨੁਸਾਰ ਮੌਤ ਦੀ ਦਰ 1.99 ਫ਼ੀਸਦੀ ਰਹਿ ਗਈ ਹੈ। ਕੋਰੋਨਾ ਪੀੜਤਾ ਦੀ ਸੰਖਿਆ ਨਾਲ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ। ਅਮਰੀਕਾ ਤੇ ਬ੍ਰਾਜ਼ੀਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹਨ। ਦੇਸ਼ ਵਿੱਚ ਕੋਰੋਨਾ ਮਾਮਲਿਆਂ ‘ਚ ਵਾਧੇ ਦੀ ਰਫਤਾਰ ਵੀ ਵਿਸ਼ਵ ਵਿੱਚ ਤੀਜੇ ਨੰਬਰ ‘ਤੇ ਹੈ।