PM Modi Attacks Opposition: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਨਮਾਮੀ ਗੰਗਾ ਮਿਸ਼ਨ ਤਹਿਤ ਹਰਿਦੁਆਰ, ਰਿਸ਼ੀਕੇਸ਼ ਅਤੇ ਬਦਰੀਨਾਥ ਸਣੇ ਕਈ ਸ਼ਹਿਰਾਂ ਵਿੱਚ 6 ਵੱਡੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਦੌਰਾਨ ਖੇਤੀਬਾੜੀ ਕਾਨੂੰਨ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੀ ਕਾਂਗਰਸ ਨੂੰ ਨਿਸ਼ਾਨਾ ਬਣਾਇਆ ਹੈ। ਪੀਐਮ ਮੋਦੀ ਨੇ ਕਿਹਾ, ‘ਅੱਜ ਜਦੋਂ ਕੇਂਦਰ ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਦੇ ਰਹੀ ਹੈ, ਤਾਂ ਵੀ ਇਹ ਲੋਕ ਵਿਰੋਧ ਪ੍ਰਦਰਸ਼ਨ ‘ਤੇ ਉਤਰ ਆਏ ਹਨ। ਇਹ ਲੋਕ ਚਾਹੁੰਦੇ ਹਨ ਕਿ ਦੇਸ਼ ਦੇ ਕਿਸਾਨ ਆਪਣੀ ਫ਼ਸਲ ਨੂੰ ਖੁੱਲੀ ਮੰਡੀ ਵਿੱਚ ਨਾ ਵੇਚ ਸਕਣ। ਇਹ ਲੋਕ ਹੁਣ ਉਨ੍ਹਾਂ ਉਪਕਰਣਾਂ ਨੂੰ ਅੱਗ ਲਗਾ ਕੇ ਕਿਸਾਨੀ ਦਾ ਅਪਮਾਨ ਕਰ ਰਹੇ ਹਨ ਜਿਨ੍ਹਾਂ ਦੀ ਕਿਸਾਨ ਪੂਜਾ ਕਰਦੇ ਹਨ।” ਪੀਐਮ ਮੋਦੀ ਨੇ ਕਿਹਾ, “ਅੱਜ ਇਹ ਲੋਕ ਐਮਐਸਪੀ ਉੱਤੇ ਵੀ ਗੁੰਮਰਾਹ ਕਰ ਰਹੇ ਹਨ। ਸਾਡੀ ਆਪਣੀ ਸਰਕਾਰ ਨੇ ਸਵਾਮੀਨਾਥਨ ਕਮਿਸ਼ਨ ਦੀ ਇੱਛਾ ਅਨੁਸਾਰ ਐਮਐਸਪੀ ਲਾਗੂ ਕਰਨ ਦਾ ਕੰਮ ਕੀਤਾ ਹੈ। ਐਮਐਸਪੀ ਵੀ ਦੇਸ਼ ਵਿੱਚ ਰਹੇਗੀ ਅਤੇ ਕਿਸਾਨ ਨੂੰ ਦੇਸ਼ ਵਿੱਚ ਕਿਤੇ ਵੀ ਫਸਲਾਂ ਵੇਚਣ ਦੀ ਆਜ਼ਾਦੀ ਰਹੇਗੀ। ਪਰ ਕੁੱਝ ਲੋਕ ਇਸ ਆਜ਼ਾਦੀ ਨੂੰ ਬਰਦਾਸ਼ਤ ਕਰਨ ਤੋਂ ਅਸਮਰੱਥ ਹਨ।”
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਇਹ ਲੋਕ ਨਾ ਤਾਂ ਕਿਸਾਨ ਦੇ ਨਾਲ ਹਨ, ਨਾ ਹੀ ਨੌਜਵਾਨਾਂ ਦੇ ਨਾਲ ਅਤੇ ਨਾ ਹੀ ਬਹਾਦਰ ਸੈਨਿਕਾਂ ਦੇ ਨਾਲ। ਸਾਡੀ ਸਰਕਾਰ ਨੇ ਫੌਜੀਆਂ ਨੂੰ ਵਨ ਰੈਂਕ ਵਨ ਪੈਨਸ਼ਨ ਦਾ ਲਾਭ ਦਿੱਤਾ, ਫਿਰ ਉਨ੍ਹਾਂ ਨੇ ਇਸ ਦਾ ਵੀ ਵਿਰੋਧ ਕੀਤਾ। ਪਿੱਛਲੇ ਮਹੀਨੇ ਅਯੁੱਧਿਆ ‘ਚ ਵਿਸ਼ਾਲ ਰਾਮ ਮੰਦਰ ਦੀ ਉਸਾਰੀ ਲਈ ਭੂਮੀਪੁਜਨ ਕੀਤਾ ਗਿਆ ਹੈ। ਇਹ ਲੋਕ ਪਹਿਲਾਂ ਸੁਪਰੀਮ ਕੋਰਟ ਵਿੱਚ ਰਾਮ ਮੰਦਰ ਦਾ ਵਿਰੋਧ ਕਰ ਰਹੇ ਸਨ ਅਤੇ ਫਿਰ ਭੂਮੀਪੁਜਨ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।” ਪੀਐੱਮ ਮੋਦੀ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਅੱਗੇ ਕਿਹਾ, “ਏਅਰ ਫੋਰਸ ਕਹਿੰਦੀ ਰਹੀ ਕਿ ਸਾਨੂੰ ਆਧੁਨਿਕ ਲੜਾਕੂ ਜਹਾਜ਼ਾਂ ਦੀ ਜ਼ਰੂਰਤ ਹੈ, ਪਰ ਇਹ ਲੋਕ ਉਨ੍ਹਾਂ ਨੂੰ ਨਜ਼ਰ ਅੰਦਾਜ਼ ਕਰਦੇ ਰਹੇ। ਸਾਡੀ ਸਰਕਾਰ ਨੇ ਫਰਾਂਸ ਦੀ ਸਰਕਾਰ ਨਾਲ ਸਿੱਧੇ ਰਾਫੇਲ ਲੜਾਕੂ ਜਹਾਜ਼ਾਂ ਉੱਤੇ ਹਸਤਾਖਰ ਕੀਤੇ, ਇਨਾਂ ਨੂੰ ਫਿਰ ਦੁਬਾਰਾ ਦਿੱਕਤ ਹੋਈ।”