pm modi declares his assets: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ 2.85 ਕਰੋੜ ਰੁਪਏ ਦੀ ਚੱਲ-ਅਚੱਲ ਸੰਪਤੀ ਹੈ। ਪਿੱਛਲੇ ਸਾਲ 2019 ਵਿੱਚ, ਪ੍ਰਧਾਨ ਮੰਤਰੀ ਮੋਦੀ ਕੋਲ 2.49 ਕਰੋੜ ਰੁਪਏ ਦੀ ਜਾਇਦਾਦ ਸੀ। ਹੁਣ, 30 ਜੂਨ, 2020 ਤੱਕ, PM ਮੋਦੀ ਦੀ ਦੌਲਤ ਵਿੱਚ 36 ਲੱਖ ਰੁਪਏ ਦਾ ਵਾਧਾ ਹੋਇਆ ਹੈ। ਖੁਦ ਪ੍ਰਧਾਨ ਮੰਤਰੀ ਮੋਦੀ ਨੇ ਆਪਣੀ ਜਾਇਦਾਦ ਘੋਸ਼ਿਤ ਕੀਤੀ ਹੈ। ਦਰਅਸਲ, ਹੁਣ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਸਾਰੇ ਮੰਤਰੀ ਮੰਡਲ ਲਈ ਜਾਇਦਾਦ ਘੋਸ਼ਿਤ ਕਰਨਾ ਲਾਜ਼ਮੀ ਹੋ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਦੀ ਦੌਲਤ ਬੈਂਕ, ਡਾਕਘਰ ਅਤੇ ਕੁੱਝ ਹੋਰ ਸੁਰੱਖਿਅਤ ਥਾਵਾਂ ‘ਤੇ ਨਿਵੇਸ਼ ਤੋਂ ਵਧੀ ਹੈ। ਉਨ੍ਹਾਂ ਦੀ ਕਮਾਈ ਦਾ ਵੱਡਾ ਹਿੱਸਾ ਟਰਮ ਡਿਪਾਜ਼ਿਟ ਅਤੇ ਸੇਵਿੰਗ ਖਾਤਿਆਂ ਵਿੱਚ ਜਮ੍ਹਾ ਹੈ। ਉਨ੍ਹਾਂ ਨੂੰ ਬੈਂਕਾਂ ਵਿੱਚ ਜਮ੍ਹਾ ਰਾਸ਼ੀ ਤੋਂ 3.3 ਲੱਖ ਰਿਟਰਨ ਪ੍ਰਾਪਤ ਹੋਏ ਹਨ।
ਪ੍ਰਧਾਨ ਮੰਤਰੀ ਕੋਲ ਕੁੱਲ ਚੱਲ ਜਾਇਦਾਦ ਇੱਕ ਕਰੋੜ 75 ਲੱਖ 63 ਹਜ਼ਾਰ 618 ਰੁਪਏ ਹੈ। 30 ਜੂਨ ਤੱਕ ਉਨ੍ਹਾਂ ਕੋਲ ਸਿਰਫ 31,450 ਰੁਪਏ ਦੀ ਨਕਦੀ ਸੀ। ਗਾਂਧੀ ਨਗਰ ਵਿਖੇ ਸਟੇਟ ਬੈਂਕ ਵਿੱਚ ਤਿੰਨ ਲੱਖ 38 ਹਜ਼ਾਰ 173 ਰੁਪਏ ਜਮ੍ਹਾ ਹਨ। ਐਫਡੀਆਰ ਅਤੇ ਐਮਓਡੀ ਵਿੱਚ 1 ਕਰੋੜ 60 ਲੱਖ 28 ਹਜ਼ਾਰ 939 ਰੁਪਏ ਜਮ੍ਹਾ ਹਨ। ਲੱਗਭਗ 8 ਲੱਖ 43 ਹਜ਼ਾਰ 124 ਰੁਪਏ ਐਨ ਐਸ ਸੀ ਵਿੱਚ ਜਮ੍ਹਾ ਕਰਵਾਏ ਹਨ। ਜੀਵਨ ਬੀਮਾ ਪਾਲਿਸੀ ਵਿੱਚ 1 ਲੱਖ 50 ਹਜ਼ਾਰ 957 ਰੁਪਏ ਅਤੇ ਟੈਕਸ ਬਚਾਉਣ ਵਾਲੇ ਇਨਫਰਾ ਬਾਂਡ ਵਿੱਚ 20 ਹਜ਼ਾਰ ਰੁਪਏ ਲੱਗੇ ਹਨ। ਪਿੱਛਲੇ ਸਾਲ ਦੇ ਮੁਕਾਬਲੇ ਚੱਲ ਜਾਇਦਾਦ ਵਿੱਚ 26.26 ਫ਼ੀਸਦੀ ਦਾ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਦੀ ਨਿਰਧਾਰਤ ਜਾਇਦਾਦ ਵਿੱਚ ਕੋਈ ਖਾਸ ਬਦਲਾਅ ਨਹੀਂ ਹੋਇਆ ਹੈ। PM ਮੋਦੀ ਦੇ ਨਾਮ ਗਾਂਧੀਨਗਰ ਦੇ ਸੈਕਟਰ -1 ਵਿੱਚ ਇੱਕ 3531 ਵਰਗ ਫੁੱਟ ਦਾ ਪਲਾਟ ਹੈ, ਜਿਸਦੀ ਕੀਮਤ 1.1 ਕਰੋੜ ਹੈ। ਪ੍ਰਧਾਨ ਮੰਤਰੀ ਮੋਦੀ ‘ਤੇ ਕੋਈ ਕਰਜ਼ਾ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਕੋਲ ਕੋਈ ਪ੍ਰਾਈਵੇਟ ਕਾਰ ਹੈ। ਉਨ੍ਹਾਂ ਕੋਲ ਚਾਰ ਸੋਨੇ ਦੀਆਂ ਮੁੰਦਰੀਆਂ ਹਨ, ਜਿਨ੍ਹਾਂ ਦੀ ਕੀਮਤ 1.5 ਲੱਖ ਰੁਪਏ ਹੈ।