PM Modi On Infantry Day: ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ “ਇਨਫੈਂਟਰੀ ਦਿਵਸ” ‘ਤੇ ਸੈਨਿਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਭਾਰਤ ਨੂੰ ਦੇਸ਼ ਦੀ ਸੁਰੱਖਿਆ ਵਿਚ ਪੈਦਲ ਫ਼ੌਜ ਦੇ ਜਵਾਨਾਂ ਦੇ ਯੋਗਦਾਨ ‘ਤੇ ਮਾਣ ਹੈ ਅਤੇ ਉਨ੍ਹਾਂ ਦੀ ਬਹਾਦਰੀ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੀ ਰਹੇਗੀ। ਉਨ੍ਹਾਂ ਟਵੀਟ ਕੀਤਾ, “ਇਨਫੈਂਟਰੀ ਦਿਵਸ ਦੇ ਵਿਸ਼ੇਸ਼ ਮੌਕੇ ‘ਤੇ, ਮੈਂ ਸਾਰੇ ਰੈਂਕ ਦੇ ਬਹਾਦਰ ਸੈਨਿਕਾਂ ਨੂੰ ਵਧਾਈ ਦਿੰਦਾ ਹਾਂ। ਦੇਸ਼ ਦੀ ਸੁਰੱਖਿਆ ਦੇ ਲਈ ਸਾਡੀ ਪੈਦਲ ਫ਼ੌਜ ਦੇ ਯੋਗਦਾਨ ਲਈ ਭਾਰਤ ਨੂੰ ਮਾਣ ਹੈ। ਉਨ੍ਹਾਂ ਦੀ ਬਹਾਦਰੀ ਲੱਖਾਂ ਲੋਕਾਂ ਨੂੰ ਪ੍ਰੇਰਿਤ ਕਰਦੀ ਰਹੇਗੀ।” ਇਨਫੈਂਟਰੀ, ਭਾਰਤੀ ਹਥਿਆਰਬੰਦ ਬਲਾਂ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਦੇਸ਼ ਦੀ ਸੁਰੱਖਿਆ ਵਿੱਚ ਇਸਦਾ ਮਹੱਤਵਪੂਰਣ ਯੋਗਦਾਨ ਹੈ। ਇਸ ਦੇ ਯੋਗਦਾਨ ਅਤੇ ਇਸ ਦੇ ਸ਼ਾਨਦਾਰ ਇਤਿਹਾਸ ਨੂੰ ਯਾਦ ਕਰਨ ਲਈ ਹਰ ਸਾਲ 27 ਅਕਤੂਬਰ ਨੂੰ “ਇਨਫੈਂਟਰੀ ਡੇਅ” ਦਾ ਆਯੋਜਨ ਕੀਤਾ ਜਾਂਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਆਜ਼ਾਦੀ ਦੇ ਸਮੇਂ, ਜਦੋਂ ਕਸ਼ਮੀਰ ਦੇ ਮਹਾਰਾਜਾ ਹਰੀ ਸਿੰਘ ਨੇ ਭਾਰਤ ਵਿੱਚ ਰਲੇਵਾਂ ਨਹੀਂ ਕੀਤਾ ਸੀ, ਉਸ ਤੋਂ ਬਾਅਦ 5 ਹਜ਼ਾਰ ਤੋਂ ਵੱਧ ਹਮਲਾਵਰ ਕਬਾਇਲੀਆਂ ਨੇ ਪਾਕਿਸਤਾਨ ਵਲੋਂ ਕਸ਼ਮੀਰ ਉੱਤੇ ਹਮਲਾ ਕਰ ਦਿੱਤਾ ਸੀ। ਜੰਮੂ-ਕਸ਼ਮੀਰ ਦੇ ਸ਼ਾਸਕ ਮਹਾਰਾਜਾ ਹਰੀ ਸਿੰਘ ਨੇ ਭਾਰਤ ਸਰਕਾਰ ਕੋਲੋਂ ਸਹਾਇਤਾ ਮੰਗੀ ਤੇ 26 ਅਕਤੂਬਰ 1947 ਨੂੰ ਇਨਸਟਰੂਮੈਂਟ ਆਫ ਅਸੈਸ਼ਨ ‘ਤੇ ਦਸਤਖਤ ਕੀਤੇ ਅਤੇ ਭਾਰਤ ਨਾਲ ਮਿਲ ਕੇ ਰਹਿਣ ਲਈ ਸਹਿਮਤ ਹੋ ਗਏ। ਜਿਸ ਤੋਂ ਬਾਅਦ ਮਹਾਰਾਜਾ ਹਰੀ ਸਿੰਘ ਨੇ ਭਾਰਤ ਤੋਂ ਮਦਦ ਲਈ ਸੀ ਅਤੇ ਭਾਰਤ ਨੇ ਆਪਣੀ ਸਿੱਖ ਰੈਜੀਮੈਂਟ ਦੀ ਇੱਕ ਟੁਕੜੀ ਨੂੰ ਕਸ਼ਮੀਰ ਭੇਜਿਆ ਅਤੇ 27 ਅਕਤੂਬਰ, 1947 ਨੂੰ ਇਸ ਨੂੰ ਕਬਾਇਲੀਆਂ ਤੋਂ ਆਜ਼ਾਦ ਕਰਵਾ ਦਿੱਤਾ ਸੀ। ਅੱਜ ਦੇ ਦਿਨ ਭਾਰਤੀ ਸੈਨਾ ਦੇ ਇੱਕ ਪੈਦਲ ਦਲ ਸਿੱਖ ਰੈਜੀਮੈਂਟ ਦੀ ਪਹਿਲੀ ਬਟਾਲੀਅਨ ਸ੍ਰੀਨਗਰ ਦੇ ਹਵਾਈ ਅੱਡੇ ’ਤੇ ਉਤਰੀ ਸੀ, ਜਿਸ ਨੇ ਪਾਕਿ ਸੈਨਾ ਨਾਲ ਬਹਾਦਰੀ ਨਾਲ ਲੜਦੇ ਹੋਏ ਮੀਰ ਘਾਟੀ ਨੂੰ ਪਾਕਿ ਹਮਲਾਵਰਾਂ ਤੋਂ ਆਜ਼ਾਦ ਕਰਵਾਇਆ ਸੀ। ਇਸ ਤੋਂ ਬਾਅਦ, ਇਸ ਦਿਨ, ਭਾਰਤੀ ਫੌਜ ਨੇ ਪੈਦਲ ਫੌਜੀਆਂ ਦੀ ਬਹਾਦਰੀ ਅਤੇ ਹਿੰਮਤ ਦਾ ਸਨਮਾਨ ਕਰਨ ਲਈ ਇਸ ਦਿਨ ਨੂੰ ‘ਇਨਫੈਂਟਰੀ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਕੀਤਾ ਸੀ।