pm modi on pulwama terror attack: ਪੁਲਵਾਮਾ ਹਮਲੇ ਬਾਰੇ ਪਾਕਿਸਤਾਨ ਦੀ ਸੰਸਦ ਵਿੱਚ ਇਮਰਾਨ ਦੇ ਮੰਤਰੀ ਦੇ ਇਕਬਾਲੀਆ ਬਿਆਨ ਤੋਂ ਬਾਅਦ ਪੀਐਮ ਮੋਦੀ ਨੇ ਪਹਿਲੀ ਵਾਰ ਆਪਣੀ ਪ੍ਰਤੀਕਿਰਿਆ ਜਾਹਿਰ ਕੀਤੀ ਹੈ। ਪੁਲਵਾਮਾ ਹਮਲੇ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਦੇ ਸੈਨਿਕਾਂ ਦੇ ਸ਼ਹੀਦ ਹੋਣ ‘ਤੇ ਵੀ ਕੁੱਝ ਲੋਕ ਰਾਜਨੀਤੀ ਵਿੱਚ ਲੱਗੇ ਹੋਏ ਸਨ। ਦੇਸ਼ ਅਜਿਹੇ ਲੋਕਾਂ ਨੂੰ ਭੁੱਲ ਨਹੀਂ ਸਕਦਾ। ਪ੍ਰਧਾਨ ਮੰਤਰੀ ਨੇ ਕਿਹਾ ਕਿ “ਉਸ ਸਮੇਂ ਆਪਣੇ ਖਿਲਾਫ ਗੱਲਾਂ ਸੁਣਦਿਆਂ ਸਾਰੇ ਦੋਸ਼ਾਂ ਦਾ ਸਾਹਮਣਾ ਕਰਦੇ ਰਹੇ। ਉਨ੍ਹਾਂ ਕਿਹਾ ਮੇਰੇ ਦਿਲ ਤੇ ਡੂੰਘਾ ਜ਼ਖ਼ਮ ਸੀ। ਪਰ ਪਿੱਛਲੇ ਦਿਨੀਂ ਜਿਸ ਤਰ੍ਹਾਂ ਗੁਆਂਢੀ ਦੇਸ਼ ਤੋਂ ਖ਼ਬਰਾਂ ਆਈਆਂ ਹਨ, ਜਿਸ ਨੂੰ ਉਨ੍ਹਾਂ ਨੇ ਸਵੀਕਾਰਿਆ ਹੈ, ਇਸ ਨਾਲ ਇਨ੍ਹਾਂ ਪਾਰਟੀਆਂ ਦਾ ਚਿਹਰਾ ਨੰਗਾ ਹੋਇਆ ਹੈ।” ਪ੍ਰਧਾਨ ਮੰਤਰੀ ਨੇ ਕਿਹਾ, “ਸੰਸਦ ਵਿੱਚ ਜਿਸ ਤਰ੍ਹਾਂ ਸੱਚਾਈ ਨੂੰ ਸਵੀਕਾਰਿਆ ਗਿਆ ਹੈ, ਉਸ ਨਾਲ ਇਨ੍ਹਾਂ ਲੋਕਾਂ ਦੇ ਅਸਲ ਚਿਹਰੇ ਦੇਸ਼ ਦੇ ਸਾਹਮਣੇ ਆ ਗਏ ਹਨ। ਇਹ ਲੋਕ ਆਪਣੇ ਰਾਜਨੀਤਿਕ ਸੁਆਰਥ ਲਈ ਕਿਸ ਹੱਦ ਤਕ ਜਾ ਸਕਦੇ ਹਨ। ਪੁਲਵਾਮਾ ਹਮਲੇ ਤੋਂ ਬਾਅਦ ਕੀਤੀ ਗਈ ਰਾਜਨੀਤੀ ਇਸ ਦੀ ਇੱਕ ਵੱਡੀ ਉਦਾਹਰਣ ਹੈ।”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਦਾਰ ਪਟੇਲ ਦੀ ਸ਼ਲਾਘਾ ਕਰਦਿਆਂ ਰਾਜਨੀਤਿਕ ਪਾਰਟੀਆਂ ਨੂੰ ਕਿਹਾ ਕਿ ਮੈਂ ਅਜਿਹੀਆਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕਰਾਂਗਾ ਕਿ ਉਹ ਸਾਡੇ ਸੁਰੱਖਿਆ ਬਲਾਂ ਦੇ ਮਨੋਬਲ ਲਈ ਦੇਸ਼ ਦੀ ਸੁਰੱਖਿਆ ਦੇ ਹਿੱਤ ਵਿੱਚ ਅਜਿਹੀ ਰਾਜਨੀਤੀ ਨਾ ਕਰਨ, ਕਿਰਪਾ ਕਰਕੇ ਅਜਿਹੀਆਂ ਚੀਜ਼ਾਂ ਤੋਂ ਪਰਹੇਜ਼ ਕਰੋ। ਆਪਣੇ ਸੁਆਰਥ ਲਈ ਤੁਸੀਂ ਜਾਣ ਬੁੱਝ ਕੇ ਜਾਂ ਅਣਜਾਣੇ ਵਿੱਚ ਦੇਸ਼ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਖੇਡ ਕੇ ਨਾ ਤਾਂ ਦੇਸ਼ ਅਤੇ ਨਾ ਹੀ ਆਪਣੀ ਪਾਰਟੀ ਦਾ ਹਿੱਤ ਪੂਰਾ ਕਰ ਸਕੋਗੇ। ਇਸ ਦੇ ਨਾਲ ਹੀ, ਫਰਾਂਸ ਵਿੱਚ ਕਾਰਟੂਨ ਵਿਵਾਦ ਦੇ ਵਿਚਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁੱਝ ਦੇਸ਼ਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਤਰੱਕੀ ਲਈ ਇਹਨਾਂ ਯਤਨਾਂ ਦੇ ਵਿੱਚਕਾਰ, ਬਹੁਤ ਸਾਰੀਆਂ ਚੁਣੌਤੀਆਂ ਹਨ ਜਿਨ੍ਹਾਂ ਦਾ ਅੱਜ ਭਾਰਤ ਅਤੇ ਪੂਰਾ ਸੰਸਾਰ ਸਾਹਮਣਾ ਕਰ ਰਿਹਾ ਹੈ। ਵਿਸ਼ਵ ਦੇ ਕਈ ਦੇਸ਼ਾਂ ਵਿੱਚ ਪਿੱਛਲੇ ਕੁੱਝ ਸਮੇਂ ਤੋਂ ਜੋ ਸਥਿਤੀ ਬਣੀ ਹੋਈ ਹੈ, ਕੁੱਝ ਲੋਕ ਜਿਸ ਤਰ੍ਹਾਂ ਅੱਤਵਾਦ ਦੇ ਸਮਰਥਨ ਵਿੱਚ ਸਾਹਮਣੇ ਆਏ ਹਨ, ਇਹ ਅੱਜ ਵਿਸ਼ਵਵਿਆਪੀ ਚਿੰਤਾ ਦਾ ਵਿਸ਼ਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਮਾਹੌਲ ਵਿੱਚ ਦੁਨੀਆਂ ਦੇ ਸਾਰੇ ਦੇਸ਼ਾਂ, ਸਾਰੀਆਂ ਸਰਕਾਰਾਂ, ਸਾਰੇ ਧਰਮਾਂ ਨੂੰ ਅੱਤਵਾਦ ਵਿਰੁੱਧ ਇੱਕਜੁੱਟ ਹੋਣ ਦੀ ਲੋੜ ਹੈ। ਸ਼ਾਂਤੀ, ਭਾਈਚਾਰੇ ਅਤੇ ਆਪਸੀ ਸਤਿਕਾਰ ਦੀ ਭਾਵਨਾ ਮਨੁੱਖਤਾ ਦੀ ਅਸਲ ਪਛਾਣ ਹੈ। ਅੱਤਵਾਦ ਅਤੇ ਹਿੰਸਾ ਕਦੇ ਕਿਸੇ ਨੂੰ ਲਾਭ ਨਹੀਂ ਪਹੁੰਚਾ ਸਕਦੀ।