pm narendra modi tweets: ਨਵੀਂ ਦਿੱਲੀ: ਪੰਜ ਰਾਫੇਲ ਲੜਾਕੂ ਜਹਾਜ਼ਾਂ ਦਾ ਬੇੜਾ ਅੱਜ ਫਰਾਂਸ ਤੋਂ ਅੰਬਾਲਾ ਹਵਾਈ ਅੱਡੇ ‘ਤੇ ਪਹੁੰਚਿਆ ਹੈ। ਜਹਾਜ਼ਾਂ ਦੇ ਭਾਰਤ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਕ੍ਰਿਤ ਵਿੱਚ ਟਵੀਟ ਕਰਦਿਆਂ ਕਿਹਾ, “ਰਾਸ਼ਟਰੀ ਰੱਖਿਆ ਤੋਂ ਇਲਾਵਾ ਹੋਰ ਕੋਈ ਪੁੰਨ ਨਹੀਂ ਹੈ, ਨਾ ਹੀ ਕੋਈ ਵਰਤ ਹੈ ਅਤੇ ਨਾ ਹੀ ਕੋਈ ਬਲੀਦਾਨ ਹੈ।” (ਪੰਜਾਬੀ ਅਨੁਵਾਦ) ਰਾਫੇਲ ਏਅਰਕ੍ਰਾਫਟ ਨੂੰ ਦੁਨੀਆ ਦਾ ਸਰਵਉਤਮ ਲੜਾਕੂ ਜਹਾਜ਼ ਮੰਨਿਆ ਜਾਂਦਾ ਹੈ। ਫਰਾਂਸ ਦੇ ਬਾਰਡੋ ਸ਼ਹਿਰ ‘ਚ ਸਥਿਤ ਮੈਰਿਨਾਕ ਏਅਰਬੇਸ ਤੋਂ 7,000 ਕਿਲੋਮੀਟਰ ਦੀ ਦੂਰੀ ਤੈਅ ਕਰ ਇਹ ਜਹਾਜ਼ ਅੱਜ ਦੁਪਹਿਰ ਹਰਿਆਣਾ ਦੇ ਅੰਬਾਲਾ ਏਅਰਬੇਸ ‘ਤੇ ਉਤਰਿਆ ਹੈ।
ਰਾਫੇਲ ਜਹਾਜ਼ ਭਾਰਤੀ ਹਵਾਈ ਖੇਤਰ ਵਿੱਚ ਦਾਖਲ ਹੋਣ ਤੋਂ ਬਾਅਦ, ਦੋ ਸੁਖੋਈ 30 ਐਮ ਕੇਆਈ ਦੇ ਜਹਾਜ਼ਾਂ ਨੇ ਉਨ੍ਹਾਂ ਨੂੰ ਰਸੀਵ ਕੀਤਾ ਅਤੇ ਉਨ੍ਹਾਂ ਨਾਲ ਅੰਬਾਲਾ ਲਈ ਉਡਾਣ ਭਰੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕੀਤਾ, “ਬਰਡਸ ਸੁਰੱਖਿਅਤ ਢੰਗ ਨਾਲ ਉਤਰ ਆਏ ਹਨ।” ਹਵਾਈ ਸੈਨਾ ‘ਚ ਲੜਾਕੂ ਜਹਾਜ਼ਾਂ ਨੂੰ “ਬਰਡਸ” ਕਿਹਾ ਜਾਂਦਾ ਹੈ। ਸਿੰਘ ਨੇ ਟਵੀਟ ਕੀਤਾ, “ਰਾਫੇਲ ਲੜਾਕੂ ਜਹਾਜ਼ਾ ਦਾ ਭਾਰਤ ਪਹੁੰਚਣਾ ਸਾਡੇ ਸੈਨਿਕ ਇਤਿਹਾਸ ਦੇ ਨਵੇਂ ਅਧਿਆਇ ਦੀ ਸ਼ੁਰੂਆਤ ਹੈ। ਇਹ ਬਹੁਪੱਖੀ ਜਹਾਜ਼ ਭਾਰਤੀ ਹਵਾਈ ਸੈਨਾ ਦੀ ਸਮਰੱਥਾ ਨੂੰ ਬੇਮਿਸਾਲ ਵਧਾਏਗਾ।” 23 ਸਤੰਬਰ, 2016 ਨੂੰ, ਮੋਦੀ ਸਰਕਾਰ ਨੇ 59,000 ਕਰੋੜ ਰੁਪਏ ਦੇ 36 ਲੜਾਕੂ ਜਹਾਜ਼ਾਂ ਨੂੰ ਖਰੀਦਣ ਲਈ ਫ੍ਰੈਂਚ ਏਰੋਸਪੇਸ ਕੰਪਨੀ ਡਾਸਾਲਟ ਐਵੀਏਸ਼ਨ ਨਾਲ ਇੱਕ ਸਮਝੌਤੇ ‘ਤੇ ਦਸਤਖਤ ਕੀਤੇ ਸੀ। ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਦੀ ਯੂਪੀਏ ਸਰਕਾਰ ਲੱਗਭਗ ਸੱਤ ਸਾਲਾਂ ਤੋਂ ਭਾਰਤੀ ਹਵਾਈ ਸੈਨਾ ਲਈ 126 ਮੱਧ-ਬਹੁਮੰਤਵੀ ਲੜਾਕੂ ਜਹਾਜ਼ਾਂ ਦੀ ਖਰੀਦ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਇਹ ਸੌਦਾ ਸਫਲ ਨਹੀਂ ਹੋਇਆ।