Police arrested BJP : ਚੰਡੀਗੜ੍ਹ : ਪੰਜਾਬ ‘ਚ ਖੇਤੀ ਕਾਨੂੰਨਾਂ ਨੂੰ ਲੈ ਕੇ ਅਮਨ-ਕਾਨੂੰਨ ਦੀ ਵਿਵਸਥਾ ਭੰਗ ਹੁੰਦੀ ਜਾ ਰਹੀ ਹੈ। ਇਸੇ ਦੇ ਵਿਰੋਧ ‘ਚ ਅੱਜ ਮਹਿਲਾ ਭਾਜਪਾ ਵਰਕਰਾਂ ਨੇ ਚੰਡੀਗੜ੍ਹ ‘ਚ ਵਿਰੋਧ ਪ੍ਰਦਰਸ਼ਨ ਕੀਤਾ। ਸੈਕਟਰ-17 ਸ਼ਿਵਾਲਿਕ ਵਿਊ ਤੋਂ ਰੈਲੀ ਦੇ ਰੂਪ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨੂੰ ਘੇਰਨ ਜਾ ਰਹੀਆਂ ਮਹਿਲਾ ਵਰਕਰਾਂ ਦੀ ਪੁਲਿਸ ਨਾਲ ਬਹਿਸਬਾਜ਼ੀ ਹੋ ਗਈ। ਇਸ ਦੌਰਾਨ ਪੁਲਿਸ ਨੇ ਮਹਿਲਾ ਵਰਕਰਾਂ ਨਾਲ ਧੱਕਾ-ਮੁੱਕੀ ਵੀ ਕੀਤੀ। ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਪੁਲਿਸ ਨੇ 50 ਤੋਂ ਵੱਧ ਮਹਿਲਾ ਵਰਕਰਾਂ ਨੂੰ ਹਿਰਾਸਤ ‘ਚ ਲੈ ਲਿਆ।
ਪੰਜਾਬ ‘ਚ ਵਿਗੜਦੀ ਕਾਨੂੰਨ ਵਿਵਸਥਾ ਦੇ ਵਿਰੋਧ ‘ਚ ਭਾਜਪਾ ਮਹਿਲਾ ਮੋਰਚਾ ਦੀ ਪ੍ਰਦੇਸ਼ ਪ੍ਰਧਾਨ ਮੋਨਾ ਜਾਇਸਵਾਲ ਦੀ ਅਗਵਾਈ ‘ਚ ਦਰਜਨਾਂ ਮਹਿਲਾ ਵਰਕਰ ਸੈਕਟਰ-17 ਦੇ ਹੋਟਲ ਸ਼ਿਵਾਲਿਕ ਵਿਊ ‘ਤੇ ਇਕੱਠੇ ਹੋਏ ਸਨ। ਇਥੋਂ ਰੈਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਦਾ ਘੇਰਾਓ ਕਰਨ ਲਈ ਪੁੱਜੀ। ਨਗਰ ਨਿਗਮ ਦਫਤਰ ਕੋਲ ਪੁਲਿਸ ਨੇ ਮਹਿਲਾ ਵਰਕਰਾਂ ਨੂੰ ਬੈਰੀਕੇਡ ਲਗਾ ਕੇ ਰੋਕ ਲਿਆ। ਇਸ ਦੌਰਾਨ ਮਹਿਲਾ ਵਰਕਰਾਂ ਦੀ ਪੁਲਿਸ ਨਾਲ ਜੰਮ ਕੇ ਧੱਕਾ-ਮੁੱਕੀ ਹੋਈ। ਪੁਲਿਸ ਨੇ ਪ੍ਰਦਰਸ਼ਨ ਕਰ ਰਹੀਆਂ 50 ਤੋਂ ਵੱਧ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ। ਹਿਰਾਸਤ ‘ਚ ਮਹਿਲਾ ਵਰਕਰਾਂ ਨੂੰ ਲੈ ਜਾਣ ਵਾਲੇ ਪੁਲਿਸ ਵਾਹਨ ਦੇ ਸਾਹਮਣੇ ਕੁਝ ਵਰਕਰਾਂ ਸੜਕ ‘ਤੇ ਲੇਟ ਗਈਆਂ। ਕਾਫੀ ਮੁਸ਼ਕਲ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਉਥੋਂ ਹਟਾਇਆ ਤੇ ਹਾਲਾਤ ਨਾਰਮਲ ਕੀਤੇ।
ਮੁੱਖ ਮੰਤਰੀ ਰਿਹਾਇਸ਼ ਘੇਰਨ ਜਾ ਰਹੀਆਂ ਮਹਿਲਾ ਮੋਰਚਾ ਦੀ ਪ੍ਰਦੇਸ਼ ਪ੍ਰਧਾਨ ਮੋਨਾ ਜਾਇਸਵਾਲ ਨੂੰ ਹਿਰਾਸਤ ‘ਚ ਲਏ ਜਾਣ ਨਾਲ ਮਹਿਲਾ ਵਰਕਰਾਂ ਹੋਰ ਗੁੱਸੇ ‘ਚ ਆ ਗਈਆਂ। ਪੁਲਿਸ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਉਨ੍ਹਾਂ ਨੇ ਪੁਲਿਸ ਵਾਹਨਾਂ ਦੇ ਸ਼ੀਸ਼ੇ ਵੀ ਤੋੜ ਦਿੱਤੇ ਜਿਸ ਨਾਲ ਕੁਝ ਪੁਲਿਸ ਮੁਲਾਜ਼ਮ ਤੇ ਮਹਿਲਾ ਵਰਕਰਾਂ ਨੂੰ ਕੁਝ ਸੱਟਾਂ ਵੀ ਲੱਗੀਆਂ।