Youth Congress responsible : ਬੀਤੀ ਰਾਤ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਚੌਲਾਂਗ ਵਿਖੇ ਹਮਲਾ ਕੀਤਾ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਡੀ. ਜੀ. ਪੀ. ਨੂੰ ਇਸ ਦੇ ਤੁਰੰਤ ਜਾਂਚ ਦੇ ਨਿਰਦੇਸ਼ ਵੀ ਦਿੱਤੇ ਗਏ ਪਰ ਹੁਣ ਇਸ ਹਮਲੇ ਨੇ ਨਵਾਂ ਮੋੜ ਲੈ ਲਿਆ ਹੈ। ਭਾਜਪਾ ਆਗੂਆਂ ਵੱਲੋਂ ਇਸ ਹਮਲੇ ਦਾ ਦੋਸ਼ੀ ਕਾਂਗਰਸ ਸਰਕਾਰ ਨੂੰ ਠਹਿਰਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਹਮਲਾ ਕਿਸਾਨਾਂ ਵੱਲੋਂ ਨਹੀਂ ਸਗੋਂ ਸਰਕਾਰ ਦੇ ਕਹਿਣ ‘ਤੇ ਕੀਤਾ ਗਿਆ ਹੈ।
ਇਸ ਸਬੰਧੀ ਬਿਆਨ ਦਿੰਦੇ ਹੋਏ ਭਾਜਪਾ ਦੇ ਜਨਰਲ ਸੈਕਟਰੀ ਤਰੁਣ ਚੁੱਘ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਆੜ ਹੇਠ ਭਾਜਪਾ ਪ੍ਰਧਾਨ ‘ਤੇ ਹਮਲਾ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਪੰਜਾਬ ਸਰਕਾਰ ਦੀ ਸ਼ਹਿ ‘ਤੇ ਪੁਲਿਸ ਨਾਲ ਮਿਲ ਕੇ ਭਾਜਪਾ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਖੁਦ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਉਹ ਅਕਸਰ ਚੌਲਾਂਗ ਦੇ ਰਸਤੇ ਤੋਂ ਲੰਘਦੇ ਰਹਿੰਦੇ ਹਨ ਤੇ ਉਥੇ ਕਿਸਾਨਾਂ ਵੱਲੋਂ ਧਰਨੇ ਵੀ ਦਿੱਤੇ ਜਾਂਦੇ ਰਹੇ ਪਰ ਅੱਜ ਤੱਕ ਕਿਸਾਨਾਂ ਵੱਲੋਂ ਕੋਈ ਹਮਲਾ ਨਹੀਂ ਕੀਤਾ ਗਿਆ। ਤਰੁਣ ਚੁਘ ਦਾ ਕਹਿਣਾ ਹੈ ਕਿ ਕਿਸਾਨ ਦੇਸ਼ ਦੇ ਪਾਲਣਕਰਤਾ ਹਨ ਤੇ ਉਹ ਅਜਿਹਾ ਕਦੇ ਵੀ ਨਹੀੰ ਕਰ ਸਕਦੇ।
ਇਸੇ ਤਰ੍ਹਾਂ ਕੈਬਨਿਟ ਮੰਤਰੀ ਅਨਿਲ ਜੋਸ਼ੀ ਦਾ ਵੀ ਇਹ ਹੀ ਮੰਨਣਾ ਹੈ ਕਿ ਹਮਲਾ ਕਿਸਾਨਾਂ ਵੱਲੋਂ ਨਹੀਂ ਸਗੋਂ ਸਰਕਾਰ ਦੀ ਸ਼ਹਿ ‘ਤੇ ਕਾਂਗਰਸੀਆਂ ਵੱਲੋਂ ਕਰਵਾਇਆ ਗਿਆ ਹੈ ਕਿਉਂਕਿ ਜਿਹੜੀਆਂ ਗੱਡੀਆਂ ਉਥੇ ਖੜ੍ਹੀਆਂ ਸਨ ਉਨ੍ਹਾਂ ‘ਤੇ ਯੂਥ ਕਾਂਗਰਸ ਦੇ ਸਟੀਕਰ ਵੀ ਲੱਗੇ ਹੋਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਯੂਥ ਕਾਂਗਰਸੀ ਪਹਿਲਾਂ ਤੋਂ ਹੀ ਹਮਲੇ ਦੀ ਤਾਕ ‘ਚ ਬੈਠੇ ਸਨ ਤੇ ਹੁਣ ਉਨ੍ਹਾਂ ਨੇ ਕਿਸਾਨਾਂ ਦੇ ਮੋਢੇ ‘ਤੇ ਪਿਸਤੌਲ ਰੱਖ ਕੇ ਨਿਸ਼ਾਨਾ ਲਗਾਇਆ ਹੈ। ਤਰੁਣ ਚੁੱਘ ਤੇ ਅਨਿਲ ਜੋਸ਼ੀ ਨੇ ਪੰਜਾਬ ਦੇ ਗਵਰਨਰ ਅਤੇ DGP ਦਿਨਕਰ ਗੁਪਤਾ ਤੋਂ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ।