ਗੁਰੂ ਨਾਨਕ ਦੇਵ ਜੀ ਜਦੋਂ 30 ਵਰ੍ਹਿਆਂ ਦੇ ਸਨ ਤਾਂ ਰਾਏ ਬੁਲਾਰ ਨੇ ਮਹਿਤਾ ਕਾਲੂ ਨੂੰ ਆਖਿਆ ਨਾਨਕ ਨੂੰ ਸੁਲਤਾਨਪੁਰ ਲੋਧੀ ਵਿਖੇ ਭੈਣ ਨਾਨਕੀ ਕੋਲ ਭੇਜ ਦਿਓ। ਉਸ ਦਾ ਪਤੀ ਜੈ ਰਾਮ ਵਜ਼ੀਰ ਦੇ ਤੌਰ ‘ਤੇ ਦੌਲਤ ਖਾਨ ਦੀ ਰਿਆਸਤ ਦਾ ਪ੍ਰਬੰਧ ਵੇਖ ਰਿਹਾ ਹੈ। ਭਾਈ ਜੈ ਰਾਮ ਗੁਰੂ ਜੀ ਨੂੰ ਕਿਸੇ ਵੀ ਯੋਗ ਥਾਂ ‘ਤੇ ਦੌਲਤ ਖਾਨ ਕੋਲ ਨੌਕਰੀ ਲਵਾ ਦੇਵੇਗਾ। ਸੰਜੋਗ ਨਾਲ ਇਸੇ ਸਮੇਂ ਦੌਲਤ ਖਾਨ ਸਰਕਾਰੀ ‘ਮੋਦੀ ਖਾਨੇ’ ਸੰਭਾਲਣ ਵਾਸਤੇ ਈਮਾਨਦਾਰ ਤੇ ਮਿਹਨਤੀ ਭੰਡਾਰੀ ਦੀ ਭਾਲ ਵਿਚ ਸੀ। ਉਨ੍ਹਾਂ ਦਿਨਾਂ ਵਿਚ ਮੋਦੀ ਖਾਨ ਵਜੋਂ ਵੱਡੇ ਗੋਦਾਮ ਵਿਚ ਜਿਮੀਂਦਾਰ ਟੈਕਸ ਵਜੋਂ ਆਪਣੀ ਫਸਲ ਦਾ ਕੁਝ ਹਿੱਸਾ ਇਸ ਸਰਕਾਰੀ ਮੋਦੀਖਾਨੇ ਵਿਚ ਜਮ੍ਹਾ ਕਰਵਾਇਆ ਕਰਦੇ ਸਨ।
ਸਰਕਾਰੀ ਫੌਜ ਦੇ ਖਾਣੇ ਨਾਲ ਰਾਸ਼ਨ ਭੇਜਣਾ ਮੋਦੀ ਪਦ ਦੀ ਜ਼ਿੰਮੇਵਾਰੀ ਸੀ। ਇਸੇ ਤਰ੍ਹਾਂ ਵਾਧੂ ਅਨਾਜ ਲੋਕਾਂ ਨੂੰ ਵੇਚ ਕੇ ਪੈਸੇ ਸਰਕਾਰੀ ਖਜ਼ਾਨੇ ਵਿਚ ਜਮ੍ਹਾ ਕਰਵਾਉਣਾ ਵੀ ਇਸੇ ਦਾ ਕੰਮ ਸੀ। ਇਸ ਤਰ੍ਹਾਂ ਮੋਦੀ ਦਾ ਕੰਮ ਬਹੁਤ ਜ਼ਿੰਮੇਵਾਰੀ ਵਾਲਾ ਸੀ ਜਿਸ ਵਿਚ ਕੰਮ ਕਰਨ ਵਾਲੇ ਅਕਸਰ ਬੇਇਮਾਨੀ ਤੇ ਗਾਹਕਾਂ ਨਾਲ ਹੇਰਾ-ਫੇਰੀ ਕਰਦੇ ਸਨ। ਇਸ ਗੱਲ ਦੀਆਂ ਬਹੁਤ ਸ਼ਿਕਾਇਤਾਂ ਆਉਂਦੀਆਂ ਸਨ। ਜਦੋਂ ਨਵਾਬ ਨੂੰ ਪਤਾ ਲੱਗਾ ਕਿ ਨਾਨਕ ਫਾਰਸੀ ਤੇ ਹਿਸਾਬ ਕਿਤਾਬ ਬਾਰੇ ਚੰਗਾ ਜਾਣਦੇ ਹਨ ਤਾਂ ਉਸ ਨੇ ਤੁਰੰਤ ਉਨ੍ਹਾਂ ਨੂੰ ਮੋਦੀ ਰੱਖ ਲਿਆ।ਗੁਰੂ ਨਾਨਕ ਦੇਵ ਜੀ ਸਾਰਿਆਂ ਪ੍ਰਤੀ ਭਲੇ ਤੇ ਦਿਆਲੂ ਸੁਭਾਅ ਦੇ ਸਨ।ਇਸ ਕਰਕੇ ਮੋਦੀ ਖਾਨ ਆਉਣ ਵਾਲੇ ਹਰ ਵਿਅਕਤੀ ਨਾਲ ਆਪ ਬਰਾਬਰੀ ਨਾਲ ਪੇਸ਼ ਆਉਂਦੇ ਸਨ। ਜੇ ਕੋਈ ਗਰੀਬ ਆ ਜਾਂਦਾ ਤਾਂ ਗੁਰੂ ਨਾਨਕ ਦੇਵ ਜੀ ਆਪਣੀ ਤਨਖਾਹ ਵਿਚੋਂ ਉਸ ਨੂੰ ਅਨਾਜ ਦੇ ਦਿੰਦੇ। ਜਿਹੜਾ ਵੀ ਮੋਦੀਖਾਨੇ ਆਉਂਦਾ ਉਹ ਖੁਸ਼ ਹੀ ਜਾਂਦਾ। ਸਭ ਤੋਂ ਵੱਧ ਇਹ ਸੀ ਕਿ ਦੌਲਤ ਖਾਨ ਵੀ ਗੁਰੂ ਜੀ ਦੇ ਕੰਮ ਦੀ ਈਮਾਨਦਾਰੀ ਤੋਂ ਖੁਸ਼ ਸੀ।
ਕਈ ਆਉਂਦੇ ਤੇ ਗੁਰੂ ਜੀ ਨੂੰ ਆਖਦੇ ਨਾਨਕ ਜੀ ਅਸੀਂ ਵੇਖ ਰਹੇ ਹਾਂ ਤੁਸੀਂ ਮੋਦੀਖਾਨੇ ਵਿਚ ਲੋੜਵੰਦ ਗਰੀਬਾਂ ਨੂੰ ਮੁਫਤ ਹੀ ਅਨਾਜ ਵੰਡੀ ਜਾਂਦੇ ਹੋ, ਇਹ ਘਾਟਾ ਕਿਵੇਂ ਪੂਰਾ ਹੋਵੇਗਾ। ਜਵਾਬ ਵਿਚ ਗੁਰੂ ਜੀ ਨੇ ਕਿਹਾ ਜਿਸ ਰੱਬ ਨੇ ਮੈਨੂੰ ਮੋਦੀਖਾਨੇ ਦਾ ਮੋਦੀ ਨਿਯੁਕਤ ਕਰਵਾਇਆ ਹੈ, ਇਹ ਗਰੀਬ ਉਸ ਨੇ ਹੀ ਪੈਦਾ ਕੀਤੇ ਹਨ। ਇਹ ਕੰਮ ਮੈਂ ਉਸੇ ਦਾ ਸਮਝ ਕੇ ਹੀ ਕਰ ਰਿਹਾ ਹਾਂ ਤਾਂ ਫਿਰ ਘਾਟਾ ਕਿਵੇਂ ਹੋ ਸਕਦਾ ਹੈ। ਮੋਦੀ ਖਾਨੇ ਦੀਆਂ ਜ਼ਿੰਮੇਵਾਰੀਆਂ ਦੇ ਨਾਲ-ਨਾਨਲ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਵੀ ਆਪਣੇ ਕੋਲ ਬੁਲਾ ਲਿਆ। ਰੋਜ਼ਾਨਾ ਦੋਵੇਂ ਅੰਮ੍ਰਿਤ ਵੇਲੇ ਉਠ ਕੇ ਵੇਈਂ ਨਦੀ ਵਿਚ ਇਸ਼ਨਾਨ ਲਈ ਜਾਂਦੇ, ਉਸ ਪ੍ਰਮਾਤਮਾ ਦੀ ਸਿਫਤ ਸਲਾਹ ਗਾਉਂਦੇ ਤੇ ਫਿਰ ਮੋਦੀਖਾਨੇ ਦੇ ਕੰਮ ‘ਤੇ ਆ ਜਾਂਦੇ।
ਇਹ ਵੀ ਪੜ੍ਹੋ : ਜਦੋਂ ਬਾਬੇ ਨਾਨਕ ਨੇ ਦੁਨੀ ਚੰਦ ਨੂੰ ਦੌਲਤ ਨੂੰ ਚੰਗੇ ਕੰਮ ‘ਤੇ ਲਗਾਉਣ ਦਾ ਦੱਸਿਆ ਰਾਹ