ਚੰਡੀਗੜ੍ਹ ਦੇ ਸੈਕਟਰ-26 ਵਿੱਚ ਇੱਕ ਨਾਈਟ ਕਲੱਬ ਦੇ ਬਾਹਰ ਦੋ ਧਿਰਾਂ ਵਿਚਾਲੇ ਹੋਏ ਝਗੜੇ ਨੇ ਖੂਨੀ ਰੂਪ ਧਾਰ ਲਿਆ। ਝਗੜੇ ਦੌਰਾਨ ਚਾਕੂ ਨਾਲ ਕੀਤੇ ਗਏ ਹਮਲੇ ਵਿੱਚ ਦੋ ਸਕੇ ਭਰਾ ਗੰਭੀਰ ਜ਼ਖਮੀ ਹੋ ਗਏ। ਘਟਨਾ ਦ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਦੋ ਨੌਜਵਾਨ ਦੋ ਭਰਾਵਾਂ ਨੂੰ ਵਾਰ-ਵਾਰ ਚਾਕੂ ਮਾਰਦੇ ਦਿਖਾਈ ਦੇ ਰਹੇ ਹਨ। ਨੌਜਵਾਨ ਜ਼ਮੀਨ ‘ਤੇ ਡਿੱਗ ਕੇ ਭੱਜਣ ਦੀ ਕੋਸ਼ਿਸ਼ ਕਰਦੇ ਹਨ, ਪਰ ਦੋਸ਼ੀ ਉਨ੍ਹਾਂ ‘ਤੇ ਹਮਲਾ ਕਰਦੇ ਰਹਿੰਦੇ ਹਨ।
ਨੌਜਵਾਨਾਂ ਨੇ ਮਦਦ ਦੀ ਗੁਹਾਰ ਲਗਾਈ, ਪਰ ਕੋਈ ਉਨ੍ਹਾਂ ਦੀ ਮਦਦ ਲਈ ਨਹੀਂ ਆਇਆ, ਇਸ ਤੋਂ ਬਾਅਦ ਦੋਸ਼ੀ ਉਥੋਂ ਪਰਾਰ ਹੋ ਜਾਂਦੇ ਹਨ। ਦੋਵਾਂ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਇੱਕ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ।
ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ। ਵੀਡੀਓ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਵਿੱਚ ਨਾਈਟ ਕਲੱਬ ਦੇ ਬਾਹਰ ਫੁੱਲ ਵੇਚਣ ਨੂੰ ਲੈ ਕੇ ਝਗੜਾ ਹੋਇਆ ਹੈ।

ਜ਼ਖਮੀਆਂ ਦੀ ਪਛਾਣ ਰਾਹੁਲ ਅਤੇ ਉਸ ਦੇ ਭਰਾ ਹਨੀ ਵਜੋਂ ਹੋਈ ਹੈ, ਜੋ ਕਿ 26 ਬਾਪੂ ਧਾਮ ਕਾਲੋਨੀ ਦੇ ਰਹਿਣ ਵਾਲੇ ਹਨ। ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਹਨੀ ਨੇ ਦੱਸਿਆ ਕਿ ਉਹ ਅਤੇ ਉਸ ਦਾ ਭਰਾ ਸੈਕਟਰ-26 ਵਿੱਚ ਨਾਈਟ ਕਲੱਬ ਦੇ ਬਾਹਰ ਫੁੱਲ ਵੇਚਦੇ ਹਨ। ਮਲੋਆ ਕਾਲੋਨੀ ਦਾ ਰਹਿਣ ਵਾਲਾ ਇਮਰਾਨ ਵੀ ਉੱਥੇ ਫੁੱਲ ਵੇਚਣ ਆਉਂਦਾ ਸੀ। ਸ਼ੁੱਕਰਵਾਰ ਰਾਤ ਨੂੰ ਇਮਰਾਨ ਨੇ ਉਨ੍ਹਾਂ ਨੂੰ ਉੱਥੇ ਫੁੱਲ ਨਾ ਵੇਚਣ ਲਈ ਕਿਹਾ, ਜਿਸ ਕਾਰਨ ਝਗੜਾ ਹੋ ਗਿਆ।
ਹਨੀ ਨੇ ਅੱਗੇ ਦੱਸਿਆ ਕਿ ਮਨ੍ਹਾ ਕਰਨ ‘ਤੇ ਇਮਰਾਨ ਤੇ ਉਸ ਦੇ ਸਾਥੀ ਨੇ ਪਹਿਲਾਂ ਰਾਹੁਲ ‘ਤੇ ਚਾਕੂ ਨਾਲ ਹਮਲਾ ਕੀਤਾ। ਬਚਾਅ ਕਰਨ ਆਏ ਉਸ ਦੇ ਭਰਾ ‘ਤੇ ਵੀ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਉਹ ਤੇ ਉਸ ਦਾ ਭਰਾ ਖੂਨ ਨਾਲ ਲੱਥਪੱਥ ਹੋ ਕੇ ਸੜਕ ‘ਤੇ ਡਿੱਗ ਪਏ, ਇਸ ਮਗਰੋਂ ਦੋਸ਼ੀ ਇਮਰਾਨ ਉਥੋਂ ਫਰਾਰ ਹੋ ਗਿਆ। ਦੋਵੇਂ ਭਰਾਨ ਜਖਮੀ ਹਾਲਤ ਵਿਚ ਸੜਕ ‘ਤੇ ਪਏ ਰਹੇ।
ਇਹ ਸਭ ਕੁਝ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਿਆ। ਫੁਟੇਜ ਵਿੱਚ ਸਾਫ਼ ਦਿਖਾਈ ਦਿੰਦਾ ਹੈ ਕਿ ਇਮਰਾਨ ਦੇ ਨਾਲ ਇੱਕ ਹੋਰ ਨੌਜਵਾਨ ਮੌਜੂਦ ਸੀ ਅਤੇ ਉਨ੍ਹਾਂ ਨੇ ਇਕੱਠੇ ਉਸ ‘ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਰਾਹੁਲ ਅਤੇ ਹਨੀ ਆਪਣੇ ਆਪ ਨੂੰ ਬਚਾਉਣ ਲਈ ਰੌਲਾ ਪਾ ਰਹੇ ਸਨ। ਇਸ ਦੌਰਾਨ ਸੜਕ ‘ਤੇ ਕੁਝ ਹੀ ਵਾਹਨ ਲੰਘਦੇ ਦਿਖਾਈ ਦਿੱਤੇ, ਪਰ ਕੋਈ ਵੀ ਮਦਦ ਲਈ ਨਹੀਂ ਆਇਆ।
ਇਹ ਵੀ ਪੜ੍ਹੋ : ਹਸਪਤਾਲ ‘ਚ ਇਲਾਜ ਲਈ ਆਏ ਬੰਦੇ ਦੀ ਮੌਤ ਮਗਰੋਂ ਹੰਗਾਮਾ, ਪਰਿਵਾਰ ਨੇ ਲਾਏ ਵੱਡੇ ਇਲਜ਼ਾਮ
ਕਾਫੀ ਦੇਰ ਬਾਅਦ ਆਲੇ-ਦੁਆਲੇ ਦੇ ਲੋਕਾਂ ਨੇ ਉਨ੍ਹਾਂ ਨੂੰ ਸੈਕਟਰ-16 ਦੇ ਹਸਪਤਾਲ ਵਿਚ ਭਰਤੀ ਕਰਾਇਆ, ਜਿਥੇ ਰਾਹੁਲ ਦੀ ਹਾਲਤ ਗੰਭੀਰ ਹੋਣ ‘ਤੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਹਨੀ ਨੂੰ ਇਲਾਜ ਤੋਂ ਬਾਅਦ ਅਗਲੇ ਦਿਨ ਛੁੱਟੀ ਦੇ ਦਿੱਤੀ ਗਈ। ਸੂਚਨਾ ‘ਤੇ ਪਹੁੰਚੀ ਪੁਲਿਸ ਨੇ ਦੋਵੇਂ ਭਰਾਵਾਂ ਤੋਂ ਮਾਮਲੇ ਦੀ ਜਾਣਕਾਰੀ ਲਈ। ਨਾਲ ਹੀ ਵਾਰਦਾਤ ਵਾਲੀ ਥਾਂ ਦਾ ਨਿਰੀਖਣ ਵੀ ਕੀਤਾ।
ਵੀਡੀਓ ਲਈ ਕਲਿੱਕ ਕਰੋ -:
























