ਟੋਕੀਓ ਓਲੰਪਿਕਸ ਵਿੱਚ ਪੰਜਾਬ ਦੀ ਧੀ ਕਮਲਪ੍ਰੀਤ ਕੌਰ ਨੇ ਡਿਸਕਸ ਥ੍ਰੋ ਦੇ ਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਕੇ ਇਤਿਹਾਸ ਰਚ ਦਿੱਤਾ ਸੀ। ਕਮਲਪ੍ਰੀਤ ਨੇ ਆਪਣੇ ਸੈਮੀਫਾਈਨਲ ਮੁਕਾਬਲੇ ਵਿੱਚ 64 ਮੀਟਰ ਦੇ ਸਕੋਰ ਨਾਲ ਫਾਈਨਲ ਵਿੱਚ ਐਂਟਰੀ ਮਾਰੀ ਸੀ ।
ਇਸੇ ਵਿਚਾਲ਼ੇ ਅੱਜ ਸ਼ਾਮ 4 ਵਜੇ ਕਮਲਪ੍ਰੀਤ ਕੌਰ ਦਾ ਫਾਈਨਲ ਮੁਕਾਬਲਾ ਹੋਵੇਗਾ। ਇਸ ਮੁਕਾਬਲੇ ਦੇ ਨਾਲ-ਨਾਲ ਭਾਰਤ ਦੀਆਂ ਗੋਲਡ ਮੈਡਲ ਜਿੱਤਣ ਦੀਆਂ ਉਮੀਦਾਂ ਵੀ ਬਰਕਰਾਰ ਹਨ।
ਉੱਥੇ ਹੀ ਦੂਜੇ ਪਾਸੇ ਇਸ ਮੁਕਾਬਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕਰ ਕੇ ਕਮਲਪ੍ਰੀਤ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,”ਡਿਸਕਸ ਥ੍ਰੋਅਰ ਕਮਲਪ੍ਰੀਤ ਕੌਰ ਨੂੰ ਉਸ ਦੇ ਫਾਈਨਲ ਮੁਕਾਬਲੇ ਲਈ ਸ਼ੁੱਭਕਾਮਨਾਵਾਂ | ਮੈਂ 4.30 ਵਜੇ ਕਮਲਪ੍ਰੀਤ ਕੌਰ ਦਾ ਫਾਈਨਲ ਮੁਕਾਬਲਾ ਲਾਈਵ ਦੇਖਾਂਗਾ।”
ਇਹ ਵੀ ਪੜ੍ਹੋ: ਟੋਕੀਓ ਦੀ ਧਰਤੀ ‘ਤੇ ਪੰਜਾਬ ਦੀ ਧੀ ਗੁਰਜੀਤ ਨੇ ਵਧਾਇਆ ਮਾਣ, ਪਰਿਵਾਰ ਸਣੇ ਦੇਸ਼ ‘ਚ ਜਸ਼ਨ ਦਾ ਮਾਹੌਲ
ਦੱਸ ਦੇਈਏ ਕਿ ਕਮਲਪ੍ਰੀਤ ਕੌਰ ਪੰਜਾਬ ਦੇ ਸ੍ਰੀ ਮੁਕਤਸਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ । ਉਸਨੇ ਪਟਿਆਲਾ ਵਿੱਚ ਆਯੋਜਿਤ 24ਵੇਂ ਫੈਡਰਸ਼ਨ ਕੱਪ ਸੀਨੀਅਰ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਆਪਣੀ ਪਹਿਲੀ ਕੋਸ਼ਿਸ਼ ਵਿੱਚ 65.06 ਮੀਟਰ ਦੇ ਸਕੋਰ ਨਾਲ ਟੋਕਿਓ 2020 ਲਈ ਆਪਣੀ ਟਿਕਟ ਪੱਕੀ ਕੀਤੀ ਸੀ । ਉਨ੍ਹਾਂ ਨੇ ਇਸ ਪ੍ਰਕਿਰਿਆ ਵਿੱਚ 63.50 ਮੀਟਰ ਦੇ ਓਲੰਪਿਕ ਯੋਗਤਾ ਅੰਕ ਨੂੰ ਵੀ ਆਸਾਨੀ ਨਾਲ ਪਾਰ ਕਰ ਲਿਆ ਸੀ।