ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ । ਉਨ੍ਹਾਂ ਨੇ ਕਰੀਬ ਡੇਢ ਘੰਟਾ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ । ਇਸ ਮੁਲਾਕਾਤ ਤੋਂ ਬਾਅਦ ਕੈਪਟਨ ਨੇ ਇੱਕ ਫੋਟੋ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ। ਕੈਪਟਨ ਨੇ ਸੋਸ਼ਲ ਮੀਡੀਆ ‘ਤੇ ਫੋਟੋ ਸਾਂਝੀ ਕਰਦਿਆਂ ਲਿਖਿਆ, “ਮਾਨਯੋਗ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨਾਲ ਅੱਜ ਬਹੁਤ ਹੀ ਵਧੀਆ ਮੀਟਿੰਗ ਹੋਈ ।ਰਾਸ਼ਟਰੀ ਸੁਰੱਖਿਆ, ਪੰਜਾਬ ਵਿੱਚ ਨਾਰਕੋ ਅੱਤਵਾਦ ਦੇ ਵੱਧ ਰਹੇ ਮਾਮਲਿਆਂ ਅਤੇ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਭਵਿੱਖ ਦੇ ਰੂਪ-ਰੇਖਾ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ।”

ਉੱਥੇ ਹੀ ਉਨ੍ਹਾਂ ਨੇ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਭਾਜਪਾ ਵਿੱਚ ਰਲੇਵੇਂ ਦੇ ਸਵਾਲ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਸਿਰਫ਼ ਕਿਆਸਅਰਾਈਆਂ ਹਨ। ਅਜਿਹਾ ਕੁਝ ਵੀ ਨਹੀਂ ਹੋਣ ਜਾ ਰਿਹਾ ਹੈ। ਦਰਅਸਲ, ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਕੈਪਟਨ ਨੂੰ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਉਨ੍ਹਾਂ ਨੇ ਕਾਂਗਰਸ ਪਾਰਟੀ ਵੀ ਛੱਡ ਦਿੱਤੀ ਸੀ। ਉਸ ਤੋਂ ਬਾਅਦ ਕੈਪਟਨ ਨੇ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਦਾ ਗਠਨ ਕੀਤਾ ਅਤੇ ਪੰਜਾਬ ਵਿੱਚ ਭਾਜਪਾ ਨਾਲ ਗਠਬੰਧਨ ਕੀਤਾ ਸੀ। ਹਾਲਾਂਕਿ ਇਸ ਗਠਬੰਧਨ ਨੂੰ ਜ਼ਿਆਦਾ ਸਫਲਤਾ ਨਹੀਂ ਮਿਲੀ।
ਇਸ ਮੁਲਾਕਾਤ ਦੌਰਾਨ ਕੈਪਟਨ ਨੇ ਪੰਜਾਬ ਵਿੱਚ ਨਾਰਕੋ ਅੱਤਵਾਦ ਅਤੇ ਡ੍ਰੋਨ ਰਾਹੀਂ ਹਥਿਆਰ ਭੇਜੇ ਜਾਣ ‘ਤੇ ‘ਆਪ’ ਸਰਕਾਰ ‘ਤੇ ਹਮਲਾ ਕੀਤਾ। ਕੈਪਟਨ ਨੇ ਭਗਵੰਤ ਮਾਨ ਸਰਕਾਰ ‘ਤੇ ਸਵਾਲ ਚੁਕਦਿਆਂ ਕਿਹਾ ਕਿ ਉਹ ਪਹਿਲਾਂ ਤੋਂ ਹੀ ਅਜਿਹੇ ਮੁੱਦੇ ਚੁੱਕਦੇ ਰਹੇ ਹਨ। ਉਹ ਸਮੇਂ-ਸਮੇਂ ‘ਤੇ ਇਸ ਬਾਰੇ ਆਪਣੀ ਗੱਲ ਰੱਖਦੇ ਰਹੇ ਹਨ।

ਦੱਸ ਦੇਈਏ ਕਿ ਕੈਪਟਨ ਨੇ ਇਸ ਤੋਂ ਪਹਿਲਾਂ 30 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ ਸੀ । ਇਸ ਬਾਰੇ ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਾਲ ਪੰਜਾਬ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕੀਤੀ ਹੈ ਤੇ ਸੂਬੇ ਅਤੇ ਦੇਸ਼ ਦੀ ਸੁਰੱਖਿਆ ਅਤੇ ਸੁਰੱਖਿਆ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ, ਜੋ ਸਾਡੇ ਦੋਵਾਂ ਲਈ ਹਮੇਸ਼ਾ ਸਰਵਉੱਚ ਰਿਹਾ ਹੈ ਅਤੇ ਰਹੇਗਾ।
ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
