ਪੰਜਾਬ ਦੇ ਸਾਬਕਾ CM ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਭਾਜਪਾ ਵਿੱਚ ਰਲੇਵਾਂ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਇਹ ਰਲੇਵਾਂ ਜੁਲਾਈ ਮਹੀਨੇ ਵਿੱਚ ਹੀ ਹੋ ਸਕਦਾ ਹੈ। ਸੂਤਰਾਂ ਮੁਤਾਬਕ ਕੈਪਟਨ ਅਮਰਿੰਦਰ ਸਿੰਘ ਇਸ ਸਮੇਂ ਰੀੜ੍ਹ ਦੀ ਹੱਡੀ ਦੀ ਸਰਜਰੀ ਕਰਵਾਉਣ ਲਈ ਵਿਦੇਸ਼ ਗਏ ਹੋਏ ਹਨ। ਉਹ ਅਗਲੇ ਹਫ਼ਤੇ ਤੱਕ ਭਾਰਤ ਵਾਪਸ ਆ ਸਕਦੇ ਹਨ। ਉਨ੍ਹਾਂ ਦੇ ਵਾਪਸ ਆਉਣ ਤੋਂ ਬਾਅਦ ਇਹ ਪ੍ਰਕਿਰਿਆ ਸ਼ੁਰੂ ਹੋਵੇਗੀ। ਇਸ ਰਲੇਵੇਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਭਾਜਪਾ ਵਿੱਚ ਵੱਡੀ ਜ਼ਿੰਮੇਵਾਰੀ ਮਿਲ ਸਕਦੀ ਹੈ। ਖਾਸ ਕਰ ਕੇ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਪੰਜਾਬ ਦੀਆਂ 13 ਸੀਟਾਂ ‘ਤੇ ਵੀ ਫੋਕਸ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਕੈਪਟਨ ਦੇ ਕਾਂਗਰਸ ਛੱਡਣ ਦੇ ਬਾਅਦ ਅਲੱਗ ਪਾਰਟੀ ਬਣਾਈ ਸੀ। ਪੰਜਾਬ ਲੋਕ ਕਾਂਗਰਸ ਦੇ ਨਾਮ ‘ਤੇ ਉਨ੍ਹਾਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਲੜੀਆਂ ਸਨ। ਜਿਸ ਵਿੱਚ ਭਾਜਪਾ ਦੇ ਨਾਲ ਉਨ੍ਹਾਂ ਦਾ ਗਠਜੋੜ ਰਿਹਾ। ਹਾਲਾਂਕਿ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ। ਪਾਰਟੀ ਉਮੀਦਵਾਰਾਂ ਦੇ ਨਾਲ ਉਹ ਖੁਦ ਵੀ ਪਟਿਆਲਾ ਸੀਟ ਹਾਰ ਗਏ।
ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਛੱਡਣ ਅਤੇ ਭਾਜਪਾ ਨਾਲ ਗਠਜੋੜ ਤੋਂ ਬਾਅਦ ਵੱਡੀ ਗਿਣਤੀ ਵਿੱਚ ਕਾਂਗਰਸੀ ਭਾਜਪਾ ਵਿੱਚ ਸ਼ਾਮਿਲ ਹੋ ਗਏ। ਕਾਂਗਰਸ MLA ਰਹੇ ਫਤਿਹਜੰਗ ਬਾਜਵਾ ਅਤੇ ਰਾਣਾ ਗੁਰਮੀਤ ਸੋਢੀ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਿਲ ਹੋ ਗਏ। ਚੋਣਾਂ ਤੋਂ ਬਾਅਦ ਦਿਗੱਜ ਸੁਨੀਲ ਜਾਖੜ ਵੀ ਭਾਜਪਾ ਵਿੱਚ ਸ਼ਾਮਿਲ ਹੋ ਗਏ। ਇਸ ਤੋਂ ਇਲਾਵਾ ਸਾਬਕਾ ਕਾਂਗਰਸੀ ਮੰਤਰੀ ਗੁਰਪ੍ਰੀਤ ਕਾਂਗੜ, ਸ਼ਾਮ ਸੁੰਦਰ ਅਰੋੜਾ, ਰਾਜਕੁਮਾਰ ਵੇਰਕਾ ਅਤੇ ਬਲਬੀਰ ਸਿੱਧੂ ਵੀ ਭਾਜਪਾ ਵਿੱਚ ਸ਼ਾਮਿਲ ਹੋ ਗਏ।
ਵੀਡੀਓ ਲਈ ਕਲਿੱਕ ਕਰੋ -: