Captain extended the ‘Mission Warriors’ : ਚੰਡੀਗੜ : ਪੰਜਾਬ ਸਰਕਾਰ ਵੱਲੋਂ ਚਲਾਈ ਗਈ ਕੋਰੋਨਾ ਮਹਾਮਾਰੀ ਬਾਰੇ ਜਾਗਰੂਕਤਾ ਫੈਲਾਉਣ ਲਈ ‘ਮਿਸ਼ਨ ਯੋਧੇ’ ਮੁਹਿੰਮ ਨੂੰ ਦੋ ਮਹੀਨੇ ਲਈ ਹੋਰ ਅੱਗੇ ਵਧਾ ਦਿੱਤਾ ਗਿਆ ਹੈ। ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੁਹਿੰਮ ਨੂੰ ਸੂਬੇ ਵਿਚ ਮਿਲੇ ਭਰਵੇਂ ਹੁੰਗਾਰੇ ਦੇ ਮੱਦੇਨਜ਼ਰ ਲਿਆ ਹੈ। ਇਸ ਦੇ ਨਾਲ ਹੀ ਕੈਪਟਨ ਵੱਲੋਂ ਅਗਲੇ ਪੜਾਅ ਵਜੋਂ ਡਾਇਮੰਡ ਸਰਟੀਫਿਕੇਟ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਲੋਕਾਂ ਨੂੰ ਦੋ ਮਹੀਨੇ ਲਈ ਵਧਾਏ ‘ਮਿਸ਼ਨ ਯੋਧੇ’ ਮੁਕਾਬਲੇ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਤਾਂ ਜੋ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਚੁੱਕੇ ਜਾ ਰਹੇ ਰੋਕਥਾਮ ਉਪਾਵਾਂ ਬਾਰੇ ਸੰਵੇਦਨਸ਼ੀਲ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ 100 ਮਿਸ਼ਨ ਯੋਧਿਆਂ ਨੂੰ 16 ਜੁਲਾਈ ਤੱਕ ਮੁਕਾਬਲਾ ਜਿੱਤਣ ਲਈ ਗੋਲਡ ਸਰਟੀਫਿਕੇਟ ਦਿੱਤਾ ਜਾ ਚੁੱਕਾ ਹੈ। ਇਸ ਮੁਕਾਬਲੇ ਵਿੱਚ 3.2 ਲੱਖ ਲੋਕਾਂ ਨੇ ਸਰਗਰਮੀ ਨਾਲ ਹਿੱਸਾ ਲਿਆ। ਇਸ ਵਧਾਈ ਹੋਈ ਮੁਹਿੰਮ ਵਿੱਚ ਗੋਲਡ ਸਰਟੀਫਿਕੇਟ ਡਾਇਮੰਡ ਸਰਟੀਫਿਕੇਟ ਜਿੱਤਣ ਲਈ ਇਸ ਮੁਕਾਬਲੇ ਵਿੱਚ ਅੱਗੇ ਹਿੱਸਾ ਲੈ ਸਕਣਗੇ। ਮੁੱਖ ਮੰਤਰੀ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਗੱਲਬਾਤ ਦੌਰਾਨ 15 ਜੂਨ ਤੋਂ 15 ਜੁਲਾਈ ਤੱਕ ਚੱਲੇ ‘ਮਿਸ਼ਨ ਫਤਹਿ’ ਅਧੀਨ ਮੁਕਾਬਲੇ ਦੇ 7 ਜੇਤੂਆਂ ਨੇਹਾ (ਬਠਿੰਡਾ), ਮੀਨਾ ਦੇਵੀ (ਅੰਮ੍ਰਿਤਸਰ), ਮਨਿੰਦਰ ਸਿੰਘ (ਸ੍ਰੀ ਮੁਕਤਸਰ ਸਾਹਿਬ), ਜਸਬੀਰ ਸਿੰਘ (ਗੁਰਦਾਸਪੁਰ), ਗੁਰਸੇਵਕ ਸਿੰਘ (ਕਪੂਰਥਲਾ), ਮਨਬੀਰ ਸਿੰਘ (ਫਾਜ਼ਿਲਕਾ) ਤੇ ਬਲਵਿੰਦਰ ਕੌਰ (ਲੁਧਿਆਣਾ) ਨੂੰ ਵੀ ਵਧਾਈ ਦਿੱਤੀ।
ਦੱਸ ਦੇਈਏ ਕਿ ਸੂਬਾ ਸਰਕਾਰ ਵੱਲੋਂ ਜਾਗਰੂਕਤਾ ਮੁਹਿੰਮ ਤਹਿਤ ਸ਼ੁਰੂ ਕੀਤੀ ਪ੍ਰੋਗਰਾਮਾਂ ਦੀ ਲੜੀ ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਵੱਖ-ਵੱਖ ਗੈਰ ਸਰਕਾਰੀ ਸੰਗਠਨਾਂ, ਦਾਨੀ ਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਚਲਾਈਆਂ ਜਾ ਰਹੀ ਹੈ, ਜਿਸ ਦਾ ਟੀਚਾ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਨਿਯਮਾਂ ਦੀ ਪਾਲਣਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਵਾਉਣਾ ਹੈ।