ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਅੰਮ੍ਰਿਤਸਰ ਪਹੁੰਚ ਰਹੇ ਹਨ । CM ਚੰਨੀ ਆਪਣੇ ਇਸ ਦੌਰੇ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਜਾਣਗੇ। ਇੱਥੇ ਉਹ ਕੁਝ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੌਜਵਾਨਾਂ ਨੂੰ ਸੰਬੋਧਿਤ ਵੀ ਕਰਨਗੇ। ਇਸ ਦੌਰਾਨ ਉਹ ਪਾਈਟੈਕਸ ਵੀ ਪਹੁੰਚਣਗੇ ਅਤੇ ਸ਼ਹਿਰ ਵਿੱਚ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣਗੇ । ਮਿਲੀ ਜਾਣਕਾਰੀ ਅਨੁਸਾਰ CM ਚੰਨੀ ਦੇ ਇਸ ਦੌਰੇ ਦੌਰਾਨ ਕਈ ਸਰਕਾਰੀ ਮੁਲਾਜ਼ਮ ਅਤੇ ਅਧਿਆਪਕ ਵੀ ਉਨ੍ਹਾਂ ਦਾ ਘਿਰਾਓ ਕਰ ਸਕਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਸੀਐਮ ਚੰਨੀ ਸੋਮਵਾਰ ਯਾਨੀ ਕਿ ਅੱਜ ਦੁਪਹਿਰ 12.30 ਵਜੇ ਦੇ ਕਰੀਬ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਾਣਗੇ । ਇਸ ਤੋਂ ਬਾਅਦ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰੈਸਟ ਹਾਊਸ ਦਾ ਉਦਘਾਟਨ ਕਰਨਗੇ ਤੇ ਬਾਅਦ ਵਿੱਚ ਨੌਜਵਾਨਾਂ ਨੂੰ ਸੰਬੋਧਿਤ ਵੀ ਕਰਨਗੇ। ਜਿਸ ਤੋਂ ਬਾਅਦ ਦੁਪਹਿਰ 3 ਵਜੇ ਦੇ ਕਰੀਬ ਸੀਐਮ ਪਾਇਟੈਕਸ ਮੇਲੇ ਵਿੱਚ ਲੋਕਾਂ ਨੂੰ ਸੰਬੋਧਿਤ ਕਰਨਗੇ।
ਮੁੱਖ ਮੰਤਰੀ ਇਸ ਦੌਰੇ ਦੌਰਾਨ ਰਣਜੀਤ ਐਵੀਨਿਊ ਵਿੱਚ ਖਾਲੀ ਜਗ੍ਹਾ ‘ਤੇ ਬਣਨ ਜਾ ਰਹੇ ਪਲੇਅ ਗਰਾਊਂਡ ਦੇ ਕੰਮ ਦੀ ਵੀ ਸ਼ੁਰੂਆਤ ਕਰਨਗੇ । ਇਸ ਤੋਂ ਬਾਅਦ ਸੀਐਮ ਚੰਨੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਵੀ ਮਿਲਣਗੇ ਅਤੇ ਉੱਥੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣਗੇ । ਜਿਸ ਤੋਂ ਬਾਅਦ CM ਚੰਨੀ ਸ਼ਾਮ 7 ਵਜੇ ਤੋਂ ਬਾਅਦ ਵਾਪਸ ਚੰਡੀਗੜ੍ਹ ਲਈ ਰਵਾਨਾ ਹੋਣਗੇ।
ਦੱਸ ਦੇਈਏ ਕਿ ਸੀਐਮ ਚੰਨੀ ਦੇ ਅੰਮ੍ਰਿਤਸਰ ਪਹੁੰਚਣ ਦੀ ਸੂਚਨਾ ਹੁਣ ਤੱਕ ਸਾਰੇ ਵਿਭਾਗਾਂ ਤੱਕ ਪਹੁੰਚ ਗਈ ਹੈ। ਜਿਸ ਤੋਂ ਬਾਅਦ ਹੜਤਾਲ ‘ਤੇ ਬੈਠੀਆਂ ਯੂਨੀਅਨਾਂ ਮੁੱਖ ਮੰਤਰੀ ਦਾ ਘਿਰਾਓ ਕਰਨ ਪਹੁੰਚ ਸਕਦੀਆਂ ਹਨ । ਅਧਿਆਪਕ ਯੂਨੀਅਨ ਦੇ ਇੱਕ ਧੜੇ ਨੇ ਇਸ ਸਬੰਧੀ ਮੀਟਿੰਗ ਵੀ ਕੀਤੀ ਹੈ ਅਤੇ ਅੱਜ ਉਹ ਪਾਈਟੈਕਸ ਮੇਲੇ ਦੇ ਬਾਹਰ ਪਹੁੰਚ ਕੇ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: