Clash between SGPC and satikar committee: ਅੰਮ੍ਰਿਤਸਰ ਵਿਖੇ SGPC ਟਾਸਕ ਫੋਰਸ ਅਤੇ ਸਤਿਕਾਰ ਕਮੇਟੀ ਵਿਚਕਾਰ ਝੜਪ ਹੋ ਗਈ ਹੈ । ਦੱਸ ਦਈਏ ਕਿ 328 ਪਾਵਨ ਸਰੂਪ ਲਾਪਤਾ ਹੋਣ ਦੇ ਮਾਮਲੇ ਵਿੱਚ ਸਿੱਖ ਜਥੇਬੰਦੀਆਂ ਪਿਛਲੇ ਕਈ ਦਿਨਾਂ ਤੋਂ ਧਰਨਾ ਪ੍ਰਦਰਸ਼ਨ ਕਰ ਰਹੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਦੋਹਾਂ ਧਿਰਾਂ ਵਿਚਾਲੇ ਖੂਨੀ ਝੜਪ ਹੋਈ ਹੈ। ਜਿਸ ਵਿੱਚ ਬਹੁਤ ਸਾਰੇ ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਝੜਪ ਵਿੱਚ ਦੋਹਾਂ ਪੱਖਾਂ ਦੇ 12 ਤੋਂ ਵੱਧ ਲੋਕ ਗੰਭੀਰ ਜ਼ਖਮੀ ਹੋਏ ਹਨ । ਇਸ ਤੋਂ ਇਲਾਵਾ SGPC ਦੀ ਗੱਡੀ ‘ਤੇ ਵੀ ਹਮਲਾ ਕੀਤਾ ਗਿਆ ਹੈ। ਇਸ ਹਮਲੇ ਵਿੱਚ ਕਾਰ ਚਾਲਕ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਹੈ। ਇਸ ਝੜਪ ਤੋਂ ਬਾਅਦ ਪੂਰੇ ਇਲਾਕੇ ਨੂੰ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ 13 ਸਤੰਬਰ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਵਿੱਚ ਮੰਗ ਕੀਤੀ ਜਾ ਰਹੀ ਸੀ। ਜਿਸ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਵੀ ਕੀਤੇ ਗਏ ਸਨ। ਇਨ੍ਹਾਂ ਧਰਨਿਆਂ ਵਿੱਚ ਸ਼ਾਮਿਲ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਜਦੋਂ ਉਹ ਪਾਲਕੀ ਸਾਹਿਬ ਦੇ ਦਰਸ਼ਨਾਂ ਲਈ ਹਰਿਮੰਦਿਰ ਸਾਹਿਬ ਪਹੁੰਚੇ ਤਾਂ ਉੱਥੇ SGPC ਟਾਸਕ ਫੋਰਸ ਦੇ ਮੈਂਬਰਾਂ ਵੱਲੋਂ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਗਈ। ਜਦੋ ਉਨ੍ਹਾਂ ਨੇ ਦੋਸ਼ੀਆਂ ਖਿਲਾਫ ਕਾਰਵਾਈ ਮੰਗ ਕੀਤੀ ਤਾਂ ਦੋਹਾਂ ਗੁੱਟਾਂ ਵਿਚਕਾਰ ਝੜਪ ਹੋ ਗਈ। ਜਿਸ ਵਿੱਚ ਤਕਲਵਾਰਾਂ ਚਲਾਈਆਂ ਜਾਂਦੀਆਂ ਹਨ ਤੇ ਡੰਡੇ ਵਰ੍ਹਾਏ ਜਾਂਦੇ ਹਨ। ਇਸ ਵਿੱਚ ਇੱਕ ਮਹਿਲਾ ਵਰਕਰ ਵੀ ਜ਼ਖਮੀ ਹੋਈ ਹੈ। ਇਸ ਤੋਂ ਇਲਾਵਾ ਸਤਿਕਾਰ ਕਮੇਟੀ ਦੇ 60 ਲੋਕਾਂ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਮਾਮਲੇ ਵਿੱਚ SGPC ਵੱਲੋਂ ਇਲਜ਼ਾਮ ਲਗਾਏ ਗਏ ਹਨ ਕਿ ਸਤਿਕਾਰ ਕਮੇਟੀ ਦੇ ਮੈਂਬਰਾਂ ਵੱਲੋਂ ਮਰਿਆਦਾ ਭੰਗ ਕੀਤੀ ਜਾ ਰਹੀ ਸੀ। ਉੱਥੇ ਹੀ ਦੂਜੇ ਪਾਸੇ ਸਤਿਕਾਰ ਕਮੇਟੀ ਦਾ ਕਹਿਣਾ ਹੈ ਕਿ ਇਹ SGPC ਦੀ ਪੁਲਿਸ ਨਾਲ ਮਿਲੀਭੁਗਤ ਹੈ। ਉਨ੍ਹਾਂ ਕਿਹਾ ਕਿ SGPC ਵੱਲੋਂ ਉਨ੍ਹਾਂ ਦੇ ਧਰਨੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਦੌਰਾਨ ਸਿੱਖ ਜਥੇਬੰਦੀਆਂ ਦੀ ਮੀਡਿਆ ਵਾਲਿਆਂ ਨਾਲ ਵੀ ਝੜਪ ਹੋ ਗਈ। ਜਿਸ ਤੋਂ ਬਾਅਦ ਮੀਡਿਆ ਕਰਮੀਆਂ ਵਿੱਚ ਵੀ ਰੋਸ ਪਾਇਆ ਗਿਆ।