ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਯੂਪੀ-ਬਿਹਾਰ ਦੇ ਲੋਕਾਂ ਨੂੰ ਲੈ ਕੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਦੱਸ ਦੇਈਏ ਕਿ CM ਚੰਨੀ ਨੇ ਬੀਤੇ ਦਿਨ ਪ੍ਰਿਯੰਕਾ ਗਾਂਧੀ ਨਾਲ ਰੂਪਨਗਰ ਵਿੱਚ ਚੋਣ ਪ੍ਰਚਾਰ ਦੌਰਾਨ ਬਿਆਨ ਦਿੰਦਿਆਂ ਕਿਹਾ ਸੀ ਕਿ ਯੂਪੀ, ਬਿਹਾਰ, ਦਿੱਲੀ ਦੇ ‘ਭੱਈਆਂ’ ਨੂੰ ਪੰਜਾਬ ਵਿੱਚ ਨਾ ਆਉਣ ਦਿਓ। ਇਸ ਬਿਆਨ ਤੋਂ CM ਚੰਨੀ ਵਿਰੋਧੀਆਂ ਪਾਰਟੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ।
ਇਸ ਮੌਕੇ ਸੀਐਮ ਚੰਨੀ ਨੇ ਇਸ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਲਈ ਬਾਹਰੀ ਸ਼ਬਦ ਦੀ ਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਮਜ਼ਦੂਰ ਸਾਡੇ ਆਪਣੇ ਹਨ ਤੇ ਪੰਜਾਬ ਵੀ ਉਨ੍ਹਾਂ ਦਾ ਆਪਣਾ ਹੈ। ਉਨ੍ਹਾਂ ਨੇ ਆਪਣੇ ਬਿਆਨ ‘ਤੇ ਸਫਾਈ ਦਿੰਦਿਆਂ ਕਿਹਾ ਕਿ ਮੈਂ ਪਰਵਾਸੀ ਮਜ਼ਦੂਰਾਂ ਬਾਰੇ ਕੁਝ ਨਹੀਂ ਕਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਵਰਗੇ ਬਾਹਰੀ ਲੋਕਾਂ ਬਾਰੇ ਕਿਹਾ ਜਿਹੜੇ ਸੱਤਾ ਵਿੱਚ ਆ ਕੇ ਪੰਜਾਬ ‘ਤੇ ਕਬਜ਼ਾ ਕਰਨਾ ਚਾਹੁੰਦੇ ਹਨ।
ਦੱਸ ਦੇਈਏ ਕਿ ਸੀ.ਐੱਮ. ਚੰਨੀ ਨੇ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਸੀ ਕਿ ਇਕੱਠੇ ਹੋ ਜਾਓ ਪੰਜਾਬੀਓ। ਯੂਪੀ-ਬਿਹਾਰ ਦੇ, ਦਿੱਲੀ ਦੇ ਭੱਈਏ ਇੱਥੇ ਆ ਕੇ ਰਾਜ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਫਟਕਣ ਵੀ ਨਹੀਂ ਦੇਣਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਨੂੰਹ ਪ੍ਰਿਯੰਕਾ ਗਾਂਧੀ ਪੰਜਾਬਣ ਹੈ। ਪੂਰੀ ਤਾਕਤ ਨਾਲ ਇੱਕ ਪਾਸੇ ਹੋ ਜਾਓ ਪੰਜਾਬੀਓ, ਯੂਪੀ ਦੇ, ਬਿਹਾਰ ਦੇ ਦਿੱਲੀ ਦੇ ਭੱਈਏ ਜੋ ਪੰਜਾਬ ਵਿੱਚ ਆ ਕੇ ਰਾਜ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਵੜਨ ਨਹੀਂ ਦਿਆਂਗੇ।
ਵੀਡੀਓ ਲਈ ਕਲਿੱਕ ਕਰੋ -: