ਪੰਜਾਬ ਦੀਆਂ ਤਿੰਨ ਯੂਨੀਵਰਸਿਟੀਆਂ – ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ – ਹੁਣ ਇੱਕ ਕਾਮਨ ਕੈਲੰਡਰ ‘ਤੇ ਚੱਲਣਗੀਆਂ। ਤਿੰਨਾਂ ਯੂਨੀਵਰਸਿਟੀਆਂ ਲਈ ਦਾਖਲਾ ਪ੍ਰਕਿਰਿਆ ਵੀ ਪੰਜਾਬ ਸਰਕਾਰ ਦੇ ਦਾਖਲਾ ਪੋਰਟਲ ਰਾਹੀਂ ਕੀਤੀ ਜਾਵੇਗੀ। ਉੱਚ ਸਿੱਖਿਆ ਵਿਭਾਗ ਨੇ ਤਿੰਨਾਂ ਯੂਨੀਵਰਸਿਟੀਆਂ ਨੂੰ ਇੱਕ ਪੱਤਰ ਜਾਰੀ ਕੀਤਾ ਹੈ, ਜਿਸ ਵਿੱਚ ਇਸ ਸਬੰਧ ਵਿੱਚ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ।
ਤਿੰਨਾਂ ਯੂਨੀਵਰਸਿਟੀਆਂ ਅਤੇ ਉਨ੍ਹਾਂ ਨਾਲ ਸਬੰਧਤ ਕਾਲਜਾਂ ਲਈ ਦਾਖਲਾ ਪ੍ਰਕਿਰਿਆ ਅਗਲੇ ਅਕਾਦਮਿਕ ਸੈਸ਼ਨ, 2026-27 ਤੋਂ ਪੂਰੀ ਤਰ੍ਹਾਂ ਸੈਂਟ੍ਰਲਾਈਜਡ ਹੋ ਜਾਵੇਗਾ। ਯੂਨੀਵਰਸਿਟੀਆਂ ਨੂੰ ਜਾਰੀ ਇੱਕ ਪੱਤਰ ਵਿੱਚ ਪੰਜਾਬ ਉੱਚ ਸਿੱਖਿਆ ਵਿਭਾਗ ਨੇ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਸਰਕਾਰ ਇੱਕ ਸੈਂਟ੍ਰਲਾਈਜਡ ਆਨਲਾਈਨ ਅਡਮੀਸ਼ਨ ਪ੍ਰੋਸੈੱਸ ਲਾਗੂ ਕਰਨ ਜਾ ਰਹੀ ਹੈ।

ਇਸ ਤਹਿਤ ਤਿੰਨਾਂ ਯੂਨੀਵਰਸਿਟੀਆਂ ਅਤੇ ਉਨ੍ਹਾਂ ਨਾਲ ਸਬੰਧਤ ਕਾਲਜਾਂ ਵਿੱਚ ਯੂਜੀ ਅਤੇ ਪੀਜੀ ਕੋਰਸਾਂ ਲਈ ਦਾਖਲੇ, ਛੁੱਟੀਆਂ ਅਤੇ ਪ੍ਰੀਖਿਆ ਦੀਆਂ ਤਰੀਕਾਂ ਇੱਕੋ ਜਿਹੀਆਂ ਹੋਣਗੀਆਂ। ਉੱਚ ਸਿੱਖਿਆ ਵਿਭਾਗ ਨੇ ਇਹ ਪੱਤਰ ਪੰਜਾਬ ਯੂਨੀਵਰਸਿਟੀ, ਪਟਿਆਲਾ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੀਆਂ ਕਾਲਜ ਵਿਕਾਸ ਕੌਂਸਲਾਂ ਨੂੰ ਭੇਜਿਆ ਹੈ।
ਕਾਮਨ ਕੈਲੰਡਰ ਨਾਲ ਵਿਦਿਆਰਥੀਆਂ ਨੂੰ ਰਹੇਗੀ ਆਸਾਨੀ
ਪਹਿਲਾਂ, ਤਿੰਨਾਂ ਯੂਨੀਵਰਸਿਟੀਆਂ ਯੂਜੀ ਅਤੇ ਪੀਜੀ ਕੋਰਸਾਂ ਲਈ ਆਪਣੀਆਂ ਆਨਲਾਈਨ ਦਾਖਲਾ ਪ੍ਰਕਿਰਿਆਵਾਂ ਚਲਾਉਂਦੀਆਂ ਹਨ। ਤਿੰਨਾਂ ਲਈ ਵੱਖ-ਵੱਖ ਪ੍ਰਕਿਰਿਆਵਾਂ ਦੇ ਕਾਰਨ, ਵਿਦਿਆਰਥੀਆਂ ਨੂੰ ਤਿੰਨ ਵੱਖ-ਵੱਖ ਥਾਵਾਂ ‘ਤੇ ਆਨਲਾਈਨ ਅਰਜ਼ੀ ਦੇਣੀ ਪੈਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀਆਂ ਦਾਖਲਾ ਪ੍ਰੀਖਿਆ ਦੀਆਂ ਤਰੀਕਾਂ ਅਕਸਰ ਟਕਰਾਉਂਦੀਆਂ ਹਨ, ਜਿਸ ਨਾਲ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ।
ਇੱਕ ਕਾਮਨ ਕੈਲੰਡਰ ਦੇ ਲਾਗੂ ਹੋਣ ਨਾਲ, ਤਿੰਨਾਂ ਯੂਨੀਵਰਸਿਟੀਆਂ ਲਈ ਅਡਮੀਸਨ ਸ਼ੈਡਿਊਲ, ਗਰਮੀਆਂ ਅਤੇ ਸਰਦੀਆਂ ਦੀਆਂ ਛੁੱਟੀਆਂ, ਜਨਤਕ ਛੁੱਟੀਆਂ ਦੇ ਕੈਲੰਡਰ ਅਤੇ ਪ੍ਰੀਖਿਆ ਦੀਆਂ ਤਾਰੀਖਾਂ ਇਕਸਾਰ ਹੋ ਜਾਣਗੀਆਂ। ਪੂਰਾ ਕੈਲੰਡਰ ਆਨਲਾਈਨ ਦਾਖਲਾ ਪੋਰਟਲ ‘ਤੇ ਅਧਾਰਤ ਹੋਵੇਗਾ।
ਇਹ ਵੀ ਪੜ੍ਹੋ : PR ਦਾ ਸੁਪਣਾ ਵੇਖਣ ਵਾਲਿਆਂ ਨੂੰ ਵੱਡਾ ਝਟਕਾ, ਕੈਨੇਡਾ ਨੇ ਵਾਪਸ ਕੀਤੀਆਂ ਸਾਰੀਆਂ ਪੁਰਾਣੀਆਂ ਅਰਜ਼ੀਆਂ
ਦੱਸ ਦੇਈਏ ਕਿ ਵੱਖ-ਵੱਖ ਯੂਨੀਵਰਸਿਟੀ ਨਿਯਮਾਂ ਨਾਲ ਵਿਦਿਆਰਥੀਆਂ ਲਈ ਤਰੀਕਾਂ ਨੂੰ ਲੈ ਕੇ ਉਲਝਣ ਬਣੀ ਰਹਿੰਦੀ ਸੀ। ਕੋਰਸ ਬਦਲਣ ਅਤੇ ਮਾਈਗ੍ਰੇਟ ਕਰਨ ਨਾਲ ਮੁਸ਼ਕਲਾਂ ਪੈਦਾ ਹੁੰਦੀਆਂ ਸਨ। ਜੇਕਰ ਵਿਦਿਆਰਥੀਆਂ ਨੂੰ ਕਿਸੇ ਹੋਰ ਯੂਨੀਵਰਸਿਟੀ ਵਿੱਚ ਜਾਣਾ ਪਏ ਤਾਂ ਪ੍ਰਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਇਹ ਇਸ ਪ੍ਰਕਿਰਿਆ ਨੂੰ ਵੀ ਸਰਲ ਬਣਾ ਦੇਵੇਗਾ। ਨਵੀਂ ਵਿਵਸਥਾ ਨਾਲ ਸੂਬੇ ਭਰ ਦੇ ਕਾਲਜ ਇੱਕ ਟਾਈਮ ਲਾਈਨ ‘ਤੇ ਚੱਲਣਗੇ।
ਸੈਂਟ੍ਰਲਾਈਜਡ ਆਨਲਾਈਨ ਅਡਮਿਸ਼ਨ ਸਿਸਟਮ ਇਸ ਤਰ੍ਹਾਂ ਕੰਮ ਕਰੇਗਾ:
ਵਿਦਿਆਰਥੀ ਪੰਜਾਬ ਸਰਕਾਰ ਦੇ ਦਾਖਲਾ ਪੋਰਟਲ ਰਾਹੀਂ ਆਨਲਾਈਨ ਅਰਜ਼ੀ ਦੇਣਗੇ।
ਮੈਰਿਟ, ਕਾਉਂਸਲਿੰਗ ਅਤੇ ਸੀਟ ਅਲਾਟਮੈਂਟ ਇੱਕ ਪਲੇਟਫਾਰਮ ਰਾਹੀਂ ਕੀਤੀ ਜਾਵੇਗੀ।
ਕਾਲਜਾਂ ਵਿੱਚ ਸੀਟਾਂ ਦੀ ਸਥਿਤੀ ਨੂੰ ਅਸਲ ਸਮੇਂ ਵਿੱਚ ਅਪਡੇਟ ਕੀਤਾ ਜਾਵੇਗਾ।
ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਆਨਲਾਈਨ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -:
























