Comrade Balwinder Singh : ਤਰਨਤਾਰਨ : ਕੁਝ ਦਿਨ ਪਹਿਲਾਂ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਸੰਧੂ ਦਾ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਵੱਲੋਂ ਹੱਤਿਆ ਦੀ ਛਾਣਬੀਣ ਲਈ 7 ਥਾਵਾਂ ‘ਤੇ ਛਾਪੇ ਮਾਰੇ ਗਏ ਪਰ ਹਮਲਾਵਰਾਂ ਦਾ ਕੋਈ ਸੁਰਾਗ ਹੱਥ ਨਹੀਂ ਲੱਗਾ। ਇਹ ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਦੋਸ਼ੀ ਕਿਸੇ ਹੋਰ ਜਿਲ੍ਹੇ ਦਾ ਰਹਿਣ ਵਾਲਾ ਹੈ। ਹਾਲਾਂਕਿ ਪੁਲਿਸ ਨੇ ਸਾਰੇ ਦੋਸ਼ੀਆਂ ਦੀ ਪਛਾਣ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਅਣਪਛਾਤੇ ਲੋਕਾਂ ਖਿਲਾਫ FIR ਦਰਜ ਕੀਤੀ ਗਈ ਹੈ। ਪੁਲਿਸ ਦਾਅਵਾ ਕਰ ਰਹੀ ਹੈ ਕਿ ਹਮਲਾਵਰਾਂ ਨੂੰ ਜਲਦੀ ਹੀ ਫੜ ਲਿਆ ਜਾਵੇਗਾ। ਐਤਵਾਰ ਸ਼ਾਮ ਨੂੰ ਪੁਲਿਸ ਨੇ ਇੱਕ ਔਰਤ ਸਮੇਤ 3 ਹੋਰ ਲੋਕਾਂ ਤੋਂ ਪੁੱਛਗਿਛ ਕੀਤੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ 6 ਲੋਕਾਂ ਤੋਂ ਪੁੱਛਗਿਛ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਸਵੇਰੇ 59 ਸਾਲਾ ਬਲਵਿੰਦਰ ਸਿੰਘ ਦੀ ਦੋ ਬਾਈਕ ਸਵਾਰ ਹਮਲਾਵਰਾਂ ਨੇ ਉਨ੍ਹਾਂ ਦੇ ਘਰ ‘ਤੇ ਹੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸਰਕਾਰ ਨੇ ਫਿਰੋਜ਼ਪੁਰ ਰੇਂਜ ਦੇ ਡੀ. ਆਈ. ਜੀ. ਹਰਦਿਆਲ ਸਿੰਘ ਮਾਨ ਦੀ ਅਗਵਾਈ ‘ਚ ਐੱਸ. ਆਈ. ਟੀ. ਦਾ ਗਠਨ ਕੀਤਾ ਸੀ। ਐੱਸ. ਐੱਸ. ਪੀ. ਧਰੁਮਨ ਐੱਚ ਨਿੰਬਾਲੇ, ਡੀ. ਐੱਸ. ਪੀ. ਰਾਜਬੀਰ ਸਿੰਘ ਤੇ ਥਾਣਾ ਭਿਖੀਵਿੰਡ ਦੇ ਇੰਚਾਰਜ ਇੰਸਪੈਕਟਰ ਗੁਰਚਰਨ ਸਿੰਘ ਨੇ ਵੱਖ-ਵੱਖ ਲੋਕਾਂ ਤੋਂ ਪੁੱਛਗਿਛ ਕੀਤੀ ਹੈ। ਪੁਲਿਸ ਨੇ ਬਲਵਿੰਦਰ ਸਿੰਘ ਸੰਧੂ ਦਾ ਮੋਬਾਈਲ ਫੋਨ ਵੀ ਕਬਜ਼ੇ ‘ਚ ਲੈ ਲਿਆ ਹੈ ਤੇ ਸਾਈਬਰ ਸੈੱਲ ਦੀ ਮਦਦ ਨਾਲ ਕਾਲ ਡਿਟੇਲ ਬਾਰੇ ਪਤਾ ਲਗਾਇਆ ਜਾ ਰਿਹਾ ਹੈ।
ਬਲਵਿੰਦਰ ਸਿੰਘ ਦੀ ਪਤਨੀ ਜਗਦੀਸ਼ ਕੌਰ ਨੇ ਕਿਹਾ ਕਿ ਮੇਰੇ ਪਤੀ ਦੀ ਹੱਤਿਆ ਪੁਲਿਸ ਦੀ ਲਾਪ੍ਰਵਾਹੀ ਦਾ ਨਤੀਜਾ ਹੈ। ਇਸ ਦੇ ਬਾਵਜੂਦ ਪੁਲਿਸ ਜਾਂਚ ‘ਤੇ ਪੂਰਾ ਭਰੋਸਾ ਹੈ। ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਵੀ ਐਤਵਾਰ ਨੂੰ ਪੀੜਤ ਪਰਿਵਾਰ ਦੇ ਘਰ ਪੁੱਜੇ। ਉਨ੍ਹਾਂ ਕਿਹਾ ਕਿ ਇੱਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ‘ਚ ਰੈਫਰੈਂਡਮ 2020 ਦੀਆਂ ਗਤੀਵਿਧੀਆਂ ਦੀ ਗੱਲ ਕੀਤੀ ਜਾਂਦੀ ਹੈ ਤੇ ਦੂਜੇ ਪਾਸੇ ਬਲਵਿੰਦਰ ਸਿੰਘ ਦੀ ਸੁਰੱਖਿਆ ਇਹ ਕਹਿ ਕੇ ਵਾਪਸ ਲੈ ਲਈ ਜਾਂਦੀ ਹੈ ਕਿ ਉਨ੍ਹਾਂ ਨੂੰ ਕੋਈ ਖਤਰਾ ਨਹੀਂ ਹੈ।