Comrade Balwinder Singh’s : ਤਰਨਤਾਰਨ : ਅੱਤਵਾਦ ਦੇ ਦੌਰ ‘ਚ ਅੱਤਵਾਦੀਆਂ ਦਾ ਬਹਾਦੁਰੀ ਨਾਲ ਮੁਕਾਬਲਾ ਕਰਨ ਵਾਲੇ ਕਾਮਰੇਡ ਬਲਵਿੰਦਰ ਸਿੰਘ ਭਿਖੀਵਿੰਡ ਦੀ ਅੱਜ ਸਵੇਰੇ ਉਨ੍ਹਾਂ ਦੇ ਘਰ ‘ਤੇ ਹੀ ਹੱਤਿਆ ਕਰ ਦਿੱਤੀ ਗਈ। ਤਰਨਤਾਰਨ ਦੇ ਭਿਖੀਵਿੰਡ ‘ਚ ਅਣਪਛਾਤੇ ਲੋਕਾਂ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਕਾਮਰੇਡ ਬਲਵਿੰਦਰ ਸਿੰਘ ਨੇ ਪੰਜਾਬ ‘ਚ ਅੱਤਵਾਦ ਦੇ ਦੌਰ ‘ਚ ਅੱਤਵਾਦੀਆਂ ਦਾ ਬਹੁਤ ਬਹਾਦੁਰੀ ਨਾਲ ਮੁਕਾਬਲਾ ਕੀਤਾ ਸੀ। ਉਨ੍ਹਾਂ ਦੇ ਜੀਵਨ ‘ਤੇ ਕਈ ਟੈਲੀ ਫਿਲਮਾਂ ਵੀ ਬਣੀਆਂ ਸਨ। ਕਾਮਰੇਡ ਬਲਵਿੰਦਰ ਬਹਾਦੁਰੀ ਪੁਰਸਕਾਰ ਜੇਤੂ ਸਨ। ਪਰਿਵਾਰ ਨੂੰ ਸ਼ੱਕ ਹੈ ਕਿ ਇਹ ਹਮਲਾ ਅੱਤਵਾਦੀ ਹੋ ਸਕਦਾ ਹੈ।
ਪੰਜਾਬ ‘ਚ ਜਦੋਂ ਅੱਤਵਾਦ ਆਪਣੀ ਚਰਮ ਸੀਮਾ ‘ਤੇ ਸੀ ਤਾਂ ਕਾਮਰੇਡ ਬਲਵਿੰਦਰ ਸਿੰਘ ਨੇ ਅੱਤਵਾਦੀਆਂ ਦਾ ਬਹੁਤ ਬਹਾਦੁਰੀ ਨਾਲ ਮੁਕਾਬਲਾ ਕੀਤਾ ਸੀ। ਉਨ੍ਹਾਂ ‘ਤੇ ਲਗਭਗ 20 ਵਾਰ ਵੱਡੇ ਹਮਲੇ ਹੋਏ ਤੇ ਹਰ ਵਾਰ ਬਲਵਿੰਦਰ ਸਿੰਘ ਨੇ ਅੱਤਵਾਦੀਆਂ ਨੂੰ ਹਾਰ ਦਾ ਮੂੰਹ ਦਿਖਾਇਆ। ਹੈਂਡ ਗ੍ਰੇਨੇਡਾ ਅਤੇ ਰਾਕੇਟ ਲਾਂਚਰਾਂ ਨਾਲ ਹਮਲਾ ਕਰਨ ਵਾਲੇ ਕਈ ਨਾਮੀ ਅੱਤਵਾਦੀਆਂ ਨੂੰ ਉਨ੍ਹਾਂ ਨੇ ਮਾਰ ਦਿੱਤਾ। 1993 ‘ਚ ਬਲਵਿੰਦਰ ਸਿੰਘ ਭਿਖੀਵਿੰਡ, ਉਨ੍ਹਾਂ ਦੇ ਭਰਾ ਤੇ ਦੋਵਾਂ ਦੀਆਂ ਪਤਨੀਆਂ ਨੂੰ ਰਾਸ਼ਟਰਪਤੀ ਵੱਲੋਂ ਬਹਾਦੁਰੀ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ। ਕਾਮਰੇਡ ਬਲਵਿੰਦਰ ਸਿੰਘ ਸਵੇਰੇ 7 ਵਜੇ ਘਰ ‘ਤੇ ਹੀ ਸਨ। ਇਸ ਦੌਰਾਨ ਕੁਝ ਅਣਪਛਾਤੇ ਲੋਕ ਘਰ ‘ਚ ਆਏ ਅਤੇ ਇਨ੍ਹਾਂ ਲੋਕਾਂ ਨੇ ਪਿਸਤੌਲਾਂ ਨਾਲ ਕਾਮਰੇਡ ਬਲਵਿੰਦਰ ਸਿੰਘ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਉਨ੍ਹਾਂ ਦੀ ਸੁਰੱਖਿਆ ਕੁਝ ਸਮਾਂ ਪਹਿਲਾਂ ਹੀ ਵਾਪਸ ਲਈ ਗਈ ਸੀ। ਇਸ ਦਾ ਕਾਮਰੇਡ ਬਲਵਿੰਦਰ ਸਿੰਘ ਨੇ ਵਿਰੋਧ ਕੀਤਾ ਸੀ।
ਕਾਮਰੇਡ ਬਲਵਿੰਦਰ ਸਿੰਘ ਦੇ ਭਰਾ ਰਣਜੀਤ ਸਿੰਘ ਨੇ ਦੱਸਿਆ ਕਿ ਇਹ ਹਮਲਾ ਅੱਤਵਾਦੀ ਹੋ ਸਕਦਾ ਹੈ। ਕਾਮਰੇਡ ਬਲਵਿੰਦਰ ਸਿੰਘ ਆਪਣੀ ਰਿਹਾਇਸ਼ ਕੋਲ ਇੱਕ ਸਕੂਲ ਵੀ ਚਲਾਉਂਦੇ ਸਨ। ਲਗਭਗ ਇੱਕ ਸਾਲ ਪਹਿਲਾਂ ਵੀ ਉਨ੍ਹਾਂ ‘ਤੇ ਕੁਝ ਅਣਪਛਾਤੇ ਲੋਕਾਂ ਨੇ ਹਮਲਾ ਵੀ ਕੀਤਾ ਸੀ। ਬਾਅਦ ‘ਚ ਮੌਕੇ ‘ਤੇ ਡੀ. ਐੱਸ. ਪੀ. ਰਾਜਬੀਰ ਸਿੰਘ ਵੀ ਪੁੱਜੇ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।