Ahmed Patel Death: ਦਿੱਗਜ ਕਾਂਗਰਸੀ ਨੇਤਾ ਅਹਿਮਦ ਪਟੇਲ ਦਾ ਅੰਤਿਮ ਸਸਕਾਰ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਪਿਰਮਾਨ ਵਿਖੇ ਹੋਵੇਗਾ । ਪਿਰਮਾਨ ਗੁਜਰਾਤ ਦੇ ਭਰੂਚ ਜ਼ਿਲ੍ਹੇ ਦਾ ਇੱਕ ਪਿੰਡ ਹੈ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਖੁਦ ਸੀਨੀਅਰ ਕਾਂਗਰਸ ਆਗੂ ਅਹਿਮਦ ਪਟੇਲ ਨੂੰ ਸ਼ਰਧਾਂਜਲੀ ਦੇਣ ਲਈ ਪਿਰਮਾਨ ਪਿੰਡ ਪਹੁੰਚਣਗੇ । ਇਸ ਤੋਂ ਇਲਾਵਾ ਲੋਕ ਸਭਾ ਵਿੱਚ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਵੀ ਪਿਰਮਾਨ ਪਿੰਡ ਜਾ ਰਹੇ ਹਨ ।
71 ਸਾਲਾਂ ਬਜ਼ੁਰਗ ਨੇਤਾ ਨੂੰ ਭਰੂਚ ਜ਼ਿਲ੍ਹੇ ਦੇ ਉਨ੍ਹਾਂ ਦੇ ਜੱਦੀ ਪਿੰਡ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ। ਅਹਿਮਦ ਪਟੇਲ ਦੀ ਮ੍ਰਿਤਕ ਦੇਹ ਨੂੰ ਬੁੱਧਵਾਰ ਸ਼ਾਮ ਨੂੰ ਵਡੋਦਰਾ ਹਵਾਈ ਅੱਡੇ ‘ਤੇ ਉਤਾਰਿਆ ਗਿਆ । ਹਵਾਈ ਅੱਡੇ ‘ਤੇ ਗੁਜਰਾਤ ਕਾਂਗਰਸ ਦੇ ਬਹੁਤ ਸਾਰੇ ਚੋਟੀ ਦੇ ਨੇਤਾ ਮ੍ਰਿਤਕ ਦੇਹ ਨੂੰ ਸ਼ਰਧਾਂਜਲੀ ਦੇਣ ਲਈ ਮੌਜੂਦ ਸਨ । ਇਥੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਕਲੇਸ਼ਵਰ ਲਿਜਾਇਆ ਗਿਆ । ਅੰਕਲੇਸ਼ਵਰ ਦੇ ਇੱਕ ਹਸਪਤਾਲ ਵਿੱਚ ਰਾਤ ਨੂੰ ਅਹਿਮਦ ਪਟੇਲ ਦੀ ਮ੍ਰਿਤਕ ਦੇਹ ਨੂੰ ਰੱਖਿਆ ਗਿਆ ਸੀ । ਇੱਕ ਕਾਂਗਰਸੀ ਆਗੂ ਨੇ ਦੱਸਿਆ ਕਿ ਮ੍ਰਿਤਕ ਦੇਹ ਨੂੰ ਵੀਰਵਾਰ ਨੂੰ ਪਿਰਮਾਨ ਪਿੰਡ ਲਿਜਾਇਆ ਜਾਵੇਗਾ ।
ਅੰਤਿਮ ਸਸਕਾਰ ਸਮੇਂ ਗੁਜਰਾਤ ਕਾਂਗਰਸ ਦੇ ਬਹੁਤੇ ਮੈਂਬਰ ਅਤੇ ਰਾਜਨੇਤਾ ਮੌਜੂਦ ਰਹਿਣਗੇ । ਰਾਹੁਲ ਗਾਂਧੀ ਅੱਜ ਸੂਰਤ ਏਅਰਪੋਰਟ ਪਹੁੰਚਣਗੇ । ਉੱਥੋਂ, ਉਹ ਪਿਰਮਾਨ ਦੀ ਯਾਤਰਾ ਕਰਨਗੇ। ਗੁਜਰਾਤ ਕਾਂਗਰਸ ਦੇ ਨੇਤਾ ਪਰੇਸ਼ ਧਨਾਨੀ ਨੇ ਪਾਰਟੀ ਵਰਕਰਾਂ ਨੂੰ ਕਿਹਾ ਹੈ ਕਿ ਉਹ ਪਿਰਮਾਨ ਪਿੰਡ ਆਉਣ ਦੀ ਬਜਾਏ ਮਰਹੂਮ ਆਗੂ ਨੂੰ ਉਸਦੇ ਘਰ ਤੋਂ ਸ਼ਰਧਾਂਜਲੀ ਦੇਣ । ਉਨ੍ਹਾਂ ਨੇ ਕਿਹਾ ਹੈ ਕਿ ਉਹ ਕੋਰੋਨਾ ਗਾਈਡਲਾਈਨ ਦੀ ਪਾਲਣ ਕਰਨ।
ਦੱਸ ਦੇਈਏ ਕਿ ਕਾਂਗਰਸ ਦੇ ਸੀਨੀਅਰ ਨੇਤਾ ਅਹਿਮਦ ਪਟੇਲ ਦਾ ਬੁੱਧਵਾਰ ਨੂੰ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਸੀ । ਅਹਿਮਦ ਪਟੇਲ ਇੱਕ ਮਹੀਨਾ ਪਹਿਲਾਂ ਕੋਰੋਨਾ ਨਾਲ ਪੀੜਤ ਹੋਏ ਸੀ । ਇਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ । ਇਸ ਸਬੰਧੀ ਅਹਿਮਦ ਪਟੇਲ ਦੇ ਬੇਟੇ ਫੈਜ਼ਲ ਪਟੇਲ ਨੇ ਇੱਕ ਟਵੀਟ ਕੀਤਾ ਤੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਅਹਿਮਦ ਪਟੇਲ ਦੀ ਬੁੱਧਵਾਰ ਸਵੇਰੇ 3:30 ਵਜੇ ਮੌਤ ਹੋ ਗਈ ਹੈ ।
ਇਹ ਵੀ ਦੇਖੋ: ਦਿੱਲੀ ਫਤਿਹ ਕਰਨ ਤੁਰਿਆ ਬਜ਼ੁਰਗ ਬੀਬੀਆਂ ਦਾ ਕਾਫ਼ਲਾ ਉਮਰ ਭਾਵੇਂ 80 ਸਾਲ ਪਰ ਹੌਸਲੇ ਦੇਖੋ…