Congress leader Rajiv Tyagi: ਕਾਂਗਰਸ ਦੇ ਬੁਲਾਰੇ ਰਾਜੀਵ ਤਿਆਗੀ ਦਾ ਦਿਹਾਂਤ ਹੋ ਗਿਆ ਹੈ। ਰਾਜੀਵ ਤਿਆਗੀ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਗਾਜ਼ੀਆਬਾਦ ਦੇ ਯਸ਼ੋਦਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ । ਰਾਜੀਵ ਤਿਆਗੀ ਕਾਂਗਰਸ ਦੇ ਉਤਸ਼ਾਹੀ ਬੁਲਾਰੇ ਸਨ ਅਤੇ ਟੀਵੀ ਚੈਨਲਾਂ ‘ਤੇ ਬਹਿਸਾਂ ਵਿੱਚ ਪ੍ਰਭਾਵਸ਼ਾਲੀ ਢੰਗ ਨਾਲ ਪਾਰਟੀ ਦਾ ਪੱਖ ਪੂਰਦੇ ਸਨ । ਮਿਲੀ ਜਾਣਕਾਰੀ ਅਨੁਸਾਰ ਰਾਜੀਵ ਤਿਆਗੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ।
ਰਿਪੋਰਟ ਅਨੁਸਾਰ ਬੀਤੇ ਦਿਨ ਰਾਜੀਵ ਤਿਆਗੀ ਦੀ ਸਿਹਤ ਠੀਕ ਸੀ । ਸ਼ਾਮ ਨੂੰ ਉਹ ਇੱਕ ਬਹਿਸ ਵਿੱਚ ਸ਼ਾਮਿਲ ਹੋਏ ਸਨ। ਇਸ ਸਬੰਧੀ ਉਨ੍ਹਾਂ ਨੇ ਖੁਦ ਟਵੀਟ ਕਰਕੇ ਜਾਣਕਾਰੀ ਦਿੱਤੀ ਸੀ। ਸ਼ਾਮ 5 ਵਜੇ ਉਹ ਇੱਕ ਟੀਵੀ ਬਹਿਸ ਵਿੱਚ ਸ਼ਾਮਿਲ ਹੋਏ ਸਨ। ਰਾਜੀਵ ਤਿਆਗੀ ਦੇ ਘਰ ਅਚਾਨਕ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ ਅਤੇ ਉਹ ਬੇਹੋਸ਼ ਹੋ ਗਏ । ਬੇਹੋਸ਼ੀ ਦੀ ਹਾਲਤ ਵਿੱਚ ਉਨ੍ਹਾਂ ਨੂੰ ਤੁਰੰਤ ਯਸ਼ੋਦਾ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਜਿਸ ਤੋਂ ਬਾਅਦ ਕਾਂਗਰਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਰਾਜੀਵ ਤਿਆਗੀ ਦੇ ਦੇਹਾਂਤ ‘ਤੇ ਸੋਗ ਜਤਾਇਆ ਹੈ । ਕਾਂਗਰਸ ਨੇ ਲਿਖਿਆ ਹੈ ਕਿ ਅਸੀਂ ਸਾਰੇ ਰਾਜੀਵ ਤਿਆਗੀ ਦੇ ਅਚਾਨਕ ਦੇਹਾਂਤ ਤੋਂ ਬਹੁਤ ਦੁਖੀ ਹਾਂ, ਉਹ ਪੱਕੇ ਕਾਂਗਰਸੀ ਅਤੇ ਸੱਚੇ ਦੇਸ਼ ਭਗਤ ਸਨ, ਸੋਗ ਦੀ ਇਸ ਘੜੀ ਵਿੱਚ ਸਾਡੀਆਂ ਪਰਿਵਾਰ ਨਾਲ ਪ੍ਰਾਰਥਨਾਵਾਂ ਹਨ।
ਇਸ ਤੋਂ ਇਲਾਵਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਸੰਸਦ ਮੈਂਬਰ ਰਾਹੁਲ ਗਾਂਧੀ ਅਤੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਰਾਜੀਵ ਤਿਆਗੀ ਦੇ ਦੇਹਾਂਤ ‘ਤੇ ਡੂੰਘਾ ਸੋਗ ਜਤਾਇਆ ਹੈ । ਤਿੰਨੇ ਨੇਤਾਵਾਂ ਨੇ ਰਾਜੀਵ ਤਿਆਗੀ ਦੀ ਪਤਨੀ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਦਿਲਾਸਾ ਦਿੱਤਾ । ਜਾਣਕਾਰੀ ਅਨੁਸਾਰ ਰਾਜੀਵ ਤਿਆਗੀ ਦਾ ਅੰਤਿਮ ਸਸਕਾਰ ਵੀਰਵਾਰ ਯਾਨੀ ਕਿ ਅੱਜ ਹਿੰਡਨ ਨਦੀ ਦੇ ਕਿਨਾਰੇ ਸ਼ਮਸ਼ਾਨ ਘਾਟ ਵਿਖੇ ਹੋਵੇਗਾ।