Congress leaders meet Governor: ਪਟਨਾ: ਬਿਹਾਰ ਦੀਆਂ ਚੋਣਾਂ ਦਰਮਿਆਨ ਮੁੰਗੇਰ ਹਿੰਸਾ ਇੱਕ ਮੁੱਦਾ ਬਣੀ ਹੋਈ ਹੈ। ਦੁਰਗਾ ਮੂਰਤੀ ਵਿਸਰਜਨ (ਜਲ ਪ੍ਰਵਾਹ) ਦੌਰਾਨ ਪੁਲਿਸ ਦੀ ਫਾਇਰਿੰਗ ਅਤੇ ਇੱਕ ਵਿਅਕਤੀ ਦੀ ਮੌਤ ਤੋਂ ਨਾਰਾਜ਼ ‘ਤੇ ਗੁੱਸੇ’ ਚ ਆਏ ਵਿਰੋਧੀ ਕਾਂਗਰਸ ਨੇਤਾਵਾਂ ਨੇ ਅੱਜ ਰਾਜਪਾਲ ਫੱਗੂ ਚੌਹਾਨ ਨਾਲ ਮੁਲਾਕਾਤ ਕੀਤੀ ਅਤੇ ਰਾਜ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ। ਕਾਂਗਰਸੀ ਨੇਤਾਵਾਂ ਨੇ ਇਸ ਘਟਨਾ ਵਿੱਚ ਮਾਰੇ ਗਏ ਨੌਜਵਾਨ ਦੇ ਪਰਿਵਾਰ ਨੂੰ 50 ਲੱਖ ਰੁਪਏ ਮੁਆਵਜ਼ੇ ਦੀ ਮੰਗ ਵੀ ਕੀਤੀ ਹੈ। ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਵਫ਼ਦ ਦੀ ਅਗਵਾਈ ਕੀਤੀ ਹੈ। ਉਨ੍ਹਾਂ ਦੇ ਨਾਲ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਮਦਨ ਮੋਹਨ ਝਾ, ਪਾਰਟੀ ਦੇ ਬੁਲਾਰੇ ਪਵਨ ਖੇੜਾ ਸਣੇ ਕਈ ਕਾਂਗਰਸੀ ਨੇਤਾ ਵੀ ਸਨ।
ਦੱਸ ਦੇਈਏ ਕਿ ਵਿਜੇਦਸ਼ਾਮੀ ‘ਤੇ ਦੁਰਗਾ ਮੂਰਤੀ ਵਿਸਰਜਨ (ਜਲ ਪ੍ਰਵਾਹ) ਦੌਰਾਨ ਪ੍ਰਸ਼ਾਸਨ ਨਾਲ ਹੋਈ ਝੜਪ ਤੋਂ ਬਾਅਦ ਮੁੰਗੇਰ ਪੁਲਿਸ ਨੇ ਨਾ ਸਿਰਫ ਸ਼ਰਧਾਲੂਆਂ’ ਤੇ ਲਾਠੀਚਾਰਜ ਕੀਤਾ ਬਲਕਿ ਉਨ੍ਹਾਂ ‘ਤੇ ਫਾਇਰ ਵੀ ਕੀਤੇ ਸੀ। ਇਸ ਹਿੰਸਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਸ਼ਹਿਰ ਵਿੱਚ ਕਈ ਥਾਵਾਂ ‘ਤੇ ਤੋੜਫੋੜ ਕੀਤੀ ਸੀ। ਵੀਰਵਾਰ ਨੂੰ ਨਾਰਾਜ਼ ਲੋਕਾਂ ਨੇ ਇੱਕ ਵਾਰ ਫਿਰ ਹਿੰਸਕ ਤੌਰ ‘ਤੇ ਇੱਕ ਥਾਣੇ ਨੂੰ ਅੱਗ ਲਾ ਦਿੱਤੀ ਅਤੇ ਉਥੇ ਖੜ੍ਹੇ ਵਾਹਨਾਂ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਸੀ। ਭੀੜ ਨੇ ਜ਼ਿਲ੍ਹੇ ਦੇ ਐਸਪੀ ਅਤੇ ਐਸਡੀਓ ਦੀ ਰਿਹਾਇਸ਼ ਅਤੇ ਦਫਤਰ ‘ਤੇ ਪੱਥਰ ਵੀ ਸੁੱਟੇ। ਇਸ ਘਟਨਾ ਤੋਂ ਤੁਰੰਤ ਬਾਅਦ ਚੋਣ ਕਮਿਸ਼ਨ ਨੇ ਜ਼ਿਲ੍ਹੇ ਦੇ ਡੀਐਮ ਅਤੇ ਐਸਪੀ ਦੇ ਤਬਾਦਲੇ ਦੇ ਆਦੇਸ਼ ਦਿੱਤੇ ਸਨ। ਐਸਪੀ ਦੀ ਕਾਰਵਾਈ ਤੋਂ ਲੋਕ ਨਾਰਾਜ਼ ਹਨ। ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਚੋਣ ਕਮਿਸ਼ਨ ਦੀਆਂ ਹਦਾਇਤਾਂ ‘ਤੇ ਸਰਕਾਰ ਨੇ ਉਥੇ ਡੀਐਮ ਅਤੇ ਐਸਪੀ ਦਾ ਤਬਾਦਲਾ ਕਰ ਦਿੱਤਾ ਹੈ। ਮਾਨਵਜੀਤ ਸਿੰਘ ਢਿੱਲੋਂ ਨੂੰ ਨਵਾਂ ਐਸਪੀ ਅਤੇ ਰਚਨਾ ਪਾਟਿਲ ਨੂੰ ਨਵਾਂ ਡੀਐਮ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਚੋਣ ਕਮਿਸ਼ਨ ਨੇ ਮਗਧ ਡਵੀਜ਼ਨ ਦੇ ਕਮਿਸ਼ਨਰ ਅਸੰਗਬਾ ਚੂਬਾ ਏਓ ਨੂੰ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਕਮਿਸ਼ਨ ਨੇ ਸੱਤ ਦਿਨਾਂ ਵਿੱਚ ਰਿਪੋਰਟ ਮੰਗੀ ਹੈ।