Congress Reopens Rafale Scam: ਰਾਫੇਲ ਲੜਾਕੂ ਜਹਾਜ਼ ਆਖਰਕਾਰ ਭਾਰਤ ਪਹੁੰਚ ਰਹੇ ਹਨ। ਇਹ ਲੋਕ ਸਭਾ ਚੋਣਾਂ 2019 ਵਿੱਚ ਸਭ ਤੋਂ ਵੱਡਾ ਮੁੱਦਾ ਬਣ ਕੇ ਉੱਭਰਿਆ ਸੀ। ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਇਸ ਜਹਾਜ਼ ਦੇ ਸੌਦੇ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਗਏ ਸਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਿਆ ਗਿਆ ਸੀ। ਹੁਣ ਜਦੋਂ ਰਾਫੇਲ ਆ ਰਹੇ ਹਨ, ਤਾਂ ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਕਈ ਟਵੀਟ ਕੀਤੇ ਹਨ । ਦਿਗਵਿਜੇ ਸਿੰਘ ਨੇ ਰਾਫੇਲ ਜਹਾਜ਼ਾਂ ਦੀ ਕੀਮਤ ਪੁੱਛਦਿਆਂ ਇੱਕ ਵਾਰ ਫਿਰ ਇਸ ਸੌਦੇ ‘ਤੇ ਸਵਾਲ ਚੁੱਕੇ ਹਨ।
ਦਰਅਸਲ, ਕਾਂਗਰਸੀ ਨੇਤਾ ਦਿਗਵਿਜੇ ਸਿੰਘ ਨੇ ਟਵੀਟ ਕਰਦਿਆਂ ਲਿਖਿਆ ਕਿ ਆਖਿਰ ਰਾਫੇਲ ਜਹਾਜ਼ ਆ ਗਿਆ । 2012 ਵਿੱਚ UPA ਨੇ 126 ਰਾਫੇਲ ਖਰੀਦਣ ਦਾ ਫੈਸਲਾ ਲਿਆ ਸੀ, ਜਿਸ ਵਿੱਚੋਂ ਸਾਰੇ 18 ਰਾਫ਼ੇਲ ਨੂੰ ਛੱਡ ਕੇ HAL ਵੱਲੋਂ ਭਾਰਤ ਵਿੱਚ ਬਣਾਏ ਜਾਣੇ ਸਨ। ਇਹ ਭਾਰਤ ਦੀ ਸਵੈ-ਨਿਰਭਰਤਾ ਦਾ ਸਬੂਤ ਸੀ, ਇਸ ਇੱਕ ਰਾਫੇਲ ਦੀ ਕੀਮਤ 746 ਕਰੋੜ ਰੁਪਏ ਨਿਰਧਾਰਤ ਕੀਤੀ ਗਈ ਸੀ। ਇਸ ਤੋਂ ਅੱਗੇ ਦਿਗਵਿਜੇ ਸਿੰਘ ਨੇ ਲਿਖਿਆ ਕਿ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਮੋਦੀ ਜੀ ਨੇ ਰੱਖਿਆ ਅਤੇ ਵਿੱਤ ਮੰਤਰਾਲੇ ਅਤੇ ਕੈਬਨਿਟ ਕਮੇਟੀ ਦੀ ਮਨਜ਼ੂਰੀ ਤੋਂ ਬਿਨ੍ਹਾਂ ਫਰਾਂਸ ਨਾਲ ਨਵਾਂ ਸਮਝੌਤਾ ਕੀਤਾ ਅਤੇ ਐਚਏਐਲ ਦਾ ਅਧਿਕਾਰ ਨਿੱਜੀ ਕੰਪਨੀ ਨੂੰ ਦੇਣ ਲਈ ਇੱਕ ਸਮਝੌਤੇ ‘ਤੇ ਦਸਤਖਤ ਕੀਤੇ। ਰਾਸ਼ਟਰੀ ਸੁਰੱਖਿਆ ਦੀ ਅਣਦੇਖੀ ਕਰਦਿਆਂ 126 ਰਾਫੇਲ ਨੂੰ ਖਰੀਦਣ ਦੀ ਬਜਾਏ ਸਿਰਫ 36 ਖਰੀਦਣ ਦਾ ਫੈਸਲਾ ਕੀਤਾ ਗਿਆ।
ਕਾਂਗਰਸੀ ਨੇਤਾ ਨੇ ਲਿਖਿਆ ਕਿ ਇੱਕ ਰਾਫੇਲ ਦੀ ਕੀਮਤ ਕਾਂਗਰਸ ਸਰਕਾਰ ਨੇ 746 ਕਰੋੜ ਨਿਰਧਾਰਤ ਕੀਤੀ ਸੀ, ਪਰ ਸੰਸਦ ਵਿੱਚ ਅਤੇ ਸੰਸਦ ਦੇ ਬਾਹਰ ਵੀ ਕਈ ਮੰਗਾਂ ਦੇ ਬਾਵਜੂਦ “ਚੌਕੀਦਾਰ” ਸਰ ਨੇ ਇਹ ਦੱਸਣ ਤੋਂ ਗੁਰੇਜ਼ ਕੀਤਾ ਕਿ ਅੱਜ ਤੱਕ ਇੱਕ ਰਾਫੇਲ ਕਿੰਨੇ ਵਿੱਚ ਖਰੀਦਿਆ ਹੈ। ਕਿਉਂ? ਕਿਉਂਕਿ ਚੌਕੀਦਾਰ ਜੀ ਦੀ ਚੋਰੀ ਦਾ ਪਰਦਾਫਾਸ਼ ਹੋ ਜਾਵੇਗਾ !! “ਚੌਕੀਦਾਰ” ਹੁਣ ਤਾਂ ਉਸਦੀ ਕੀਮਤ ਦੱਸੋ !!
ਦਿਗਵਿਜੇ ਸਿੰਘ ਨੇ ਲਿਖਿਆ ਕਿ ਰਾਸ਼ਟਰੀ ਸੁਰੱਖਿਆ ਦਾ ਜਾਇਜ਼ਾ ਲੈਂਦੇ ਹੋਏ ਰੱਖਿਆ ਮੰਤਰਾਲੇ ਨੇ 126 ਰਾਫੇਲ ਦੀ ਖਰੀਦ ਦੀ ਸਿਫਾਰਸ਼ ਕੀਤੀ ਸੀ, ਜਿਸ ਨੂੰ UPA ਮੰਨਣ ਲਈ ਸਹਿਮਤ ਹੋ ਗਈ ਸੀ। ਹੁਣ ਮੋਦੀ ਜੀ ਨੇ 126 ਦੀ ਥਾਂ 36 ਰਾਫੇਲ ਕਿਉਂ ਖਰੀਦਣ ਦਾ ਫ਼ੈਸਲਾ ਕੀਤਾ? ਪੁੱਛੇ ਜਾਣ ‘ਤੇ ਵੀ ਕੋਈ ਜਵਾਬ ਨਹੀਂ। ਕੀ ਮੋਦੀ ਜੀ ਨੇ ਕੌਮੀ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ? ਕਾਂਗਰਸ ਵੱਲੋਂ ਸਵਾਲ ਪੁੱਛਿਆ ਗਿਆ ਕਿ ਜੇ ਅਸੀਂ ਇਨ੍ਹਾਂ ਪ੍ਰਸ਼ਨਾਂ ਦੇ ਜਵਾਬ ਭਾਲਦੇ ਹਾਂ, ਤਾਂ ਮੋਦੀ ਜੀ ਦੀ ਟਰੋਲ ਫੌਜ ਸਾਨੂੰ ਦੇਸ਼ ਵਿਰੋਧੀ ਕਹਿੰਦੀ ਹੈ !! ਕੀ ਵਿਰੋਧੀ ਧਿਰ ਨੂੰ ਲੋਕਤੰਤਰੀ ਪ੍ਰਣਾਲੀ ਵਿੱਚ ਪ੍ਰਸ਼ਨ ਪੁੱਛਣ ਦਾ ਅਧਿਕਾਰ ਨਹੀਂ ਹੈ?