cwc meeting sonia gandhi: ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿੱਚ ਇਸ ਸਮੇਂ ਕਾਂਗਰਸ ਵਰਕਿੰਗ ਕਮੇਟੀ ਦੀ ਇੱਕ ਵੱਡੀ ਬੈਠਕ ਚੱਲ ਰਹੀ ਹੈ। ਸੂਤਰਾਂ ਅਨੁਸਾਰ ਇਸ ਮੀਟਿੰਗ ਵਿੱਚ ਮੌਜੂਦਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਆਪਣਾ ਅਹੁਦਾ ਛੱਡਣ ਦੀ ਪੇਸ਼ਕਸ਼ ਕੀਤੀ ਹੈ। ਇਸ ਤੋਂ ਪਹਿਲਾਂ ਕੱਲ੍ਹ ਸੋਨੀਆ ਨੇ ਆਪਣਾ ਅਹੁਦਾ ਛੱਡਣ ਦੀ ਇੱਛਾ ਜ਼ਾਹਿਰ ਕੀਤੀ ਸੀ। ਅਜਿਹੀ ਸਥਿਤੀ ਵਿੱਚ ਹੁਣ ਸਵਾਲ ਇਹ ਉੱਠਦਾ ਹੈ ਕਿ ਕਾਂਗਰਸ ਦਾ ਅਗਲਾ ਪ੍ਰਧਾਨ ਕੌਣ ਹੋਵੇਗਾ। ਸੀਡਬਲਯੂਸੀ ਦੀ ਬੈਠਕ ‘ਚ ਕਈ ਸੀਨੀਅਰ ਨੇਤਾ ਮੌਜੂਦ ਹਨ, ਜਿਨ੍ਹਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ, ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ, ਸਾਬਕਾ ਕੇਂਦਰੀ ਮੰਤਰੀ ਏ ਕੇ ਅੰਟਨੀ, ਮੱਲੀਕਾਰਜੁਨ ਖੜਗੇ ਸ਼ਾਮਿਲ ਹਨ। ਕੱਲ੍ਹ 23 ਸੀਨੀਅਰ ਨੇਤਾਵਾਂ ਦੀ ਤਰਫੋਂ ਸੋਨੀਆ ਗਾਂਧੀ ਨੂੰ ਇੱਕ ਪੱਤਰ ਲਿਖਿਆ ਗਿਆ ਸੀ। ਇਸ ਪੱਤਰ ‘ਚ ਕਾਂਗਰਸ ਨੇਤਾਵਾਂ ਨੇ ਜ਼ਮੀਨੀ ਪੱਧਰ ‘ਤੇ ਇੱਕ ਸਰਗਰਮ ਪ੍ਰਧਾਨ ਬਣਾਉਣ ਅਤੇ ਸੰਗਠਨ ਨੂੰ ਉੱਪਰ ਤੋਂ ਹੇਠਾਂ ਤੱਕ ਬਦਲਣ ਦੀ ਮੰਗ ਕੀਤੀ ਸੀ।
ਜ਼ਿਕਰਯੋਗ ਹੈ ਕਿ ਪਾਰਟੀ ਲੀਡਰਸ਼ਿਪ ਦੇ ਮੁੱਦੇ ‘ਤੇ ਦੋ ਧੜਿਆਂ ਵਿੱਚ ਵੰਡੀ ਹੋਈ ਜਾਪਦੀ ਹੈ। ਹਾਲਾਂਕਿ, ਇਸ ਪੱਤਰ ਦੀ ਖ਼ਬਰ ਆਉਣ ਨਾਲ, ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਪਾਰਟੀ ਦੇ ਕਈ ਹੋਰ ਸੀਨੀਅਰ ਅਤੇ ਨੌਜਵਾਨ ਨੇਤਾਵਾਂ ਨੇ ਸੋਨੀਆ ਅਤੇ ਰਾਹੁਲ ਗਾਂਧੀ ਦੀ ਅਗਵਾਈ ‘ਤੇ ਭਰੋਸਾ ਜਤਾਇਆ ਅਤੇ ਇਸ ਨਾਲ ਜ਼ੋਰ ਦੇ ਕੇ ਕਿਹਾ ਕਿ ਸਿਰਫ ਗਾਂਧੀ-ਨਹਿਰੂ ਪਰਿਵਾਰ ਹੀ ਪਾਰਟੀ ਨੂੰ ਇਕਜੁੱਟ ਰੱਖ ਸਕਦੇ ਹਨ।