farmers bills chhatisgarh cm baghel warns: ਰਾਏਪੁਰ: ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਚੇਤਾਵਨੀ ਦਿੱਤੀ ਹੈ ਕਿ ਜਲਦੀ ਹੀ ਦੇਸ਼ ਭਰ ਦੇ ਕਿਸਾਨ ‘ਕਿਸਾਨ ਬਿੱਲਾਂ’ ਵਿਰੁੱਧ ਸੜਕਾਂ ‘ਤੇ ਉਤਰਨਗੇ। ਬਘੇਲ ਦਾ ਇਹ ਬਿਆਨ ਲੋਕ ਸਭਾ ਦੁਆਰਾ ਨਵਾਂ ਖੇਤੀਬਾੜੀ ਸੁਧਾਰ ਬਿੱਲ ਪਾਸ ਹੋਣ ਤੋਂ ਅਗਲੇ ਹੀ ਦਿਨ ਬਾਅਦ ਆਇਆ ਹੈ। ਆਪਣੇ ਇੱਕ ਬਿਆਨ ‘ਚ ਬਘੇਲ ਨੇ ਕਿਹਾ, “ਇਸ ਵੇਲੇ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਸੜਕਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ। ਜਲਦੀ ਹੀ ਦੇਸ਼ ਭਰ ਦੇ ਕਿਸਾਨ ਸੜਕਾਂ ‘ਤੇ ਵਿਰੋਧ ਪ੍ਰਦਰਸ਼ਨ ਕਰਨਗੇ।” ਬਘੇਲ ਨੇ ਕਿਹਾ, “ਇਨ੍ਹਾਂ ਬਿੱਲਾਂ ਨੂੰ ਪਾਸ ਕਰ ਕੇਂਦਰ ਸਰਕਾਰ ਨਿੱਜੀ ਬਾਜ਼ਾਰਾਂ ਨੂੰ ਅੱਗੇ ਆਉਣ ਲਈ ਉਤਸ਼ਾਹਿਤ ਕਰ ਰਹੀ ਹੈ। ਸਰਕਾਰ ਨੇ ਬਿੱਲ ਵਿੱਚ ਅਨਾਜ ਭੰਡਾਰ ਕਰਨ ਦੀ ਸੀਮਾ ਖ਼ਤਮ ਕਰ ਦਿੱਤੀ ਹੈ ਅਤੇ ਠੇਕੇ ਦੀ ਖੇਤੀ ਸ਼ੁਰੂ ਕੀਤੀ ਹੈ।” ਬਘੇਲ ਨੇ ਦੋਸ਼ ਲਾਇਆ ਕਿ ਖੇਤੀਬਾੜੀ ਸੁਧਾਰ ਬਿੱਲ ਕਿਸਾਨਾਂ ਲਈ ਭਿਆਨਕ ਅਤੇ ਦੁਖਦਾਈ ਹੈ।
ਉਨ੍ਹਾਂ ਕਿਹਾ, “ਖੇਤੀਬਾੜੀ ਸੁਧਾਰ ਬਿੱਲ ਨਾ ਸਿਰਫ ਬਹੁ-ਰਾਸ਼ਟਰੀ ਕੰਪਨੀਆਂ ਨੂੰ ਖੇਤੀਬਾੜੀ ਸੈਕਟਰ ਵਿੱਚ ਕੰਮ ਕਰਨ ਦੇਵੇਗਾ, ਬਲਕਿ ਕੰਪਨੀਆਂ ਇਸ ਜ਼ਰੀਏ ਖੇਤਰ ਨੂੰ ਨਿਯੰਤਰਣ ਕਰਨਗੀਆਂ।” ਬਘੇਲ ਨੇ ਕਿਹਾ, “ਉਹ (ਕੇਂਦਰ) ਕਿਸਾਨਾਂ ਦੇ ਭਲੇ ਲਈ ਸਾਬਕਾ ਨੇਤਾਵਾਂ ਵੱਲੋਂ ਪਿੱਛਲੇ ਸਾਲਾਂ ਦੌਰਾਨ ਚੁੱਕੇ ਸਾਰੇ ਕਦਮਾਂ ਨੂੰ ਉਲਟਾ ਰਹੇ ਹਨ। ਕਿਸਾਨਾਂ ਦਾ ਭਵਿੱਖ ਚੰਗਾ ਨਹੀਂ ਅਤੇ ਦੇਸ਼ ਦੇ ਹੱਕ ਵਿੱਚ ਨਹੀਂ ਹੈ।” ਬਘੇਲ ਨੇ ਇਹ ਵੀ ਚਿੰਤਾ ਜ਼ਾਹਿਰ ਕੀਤੀ ਕਿ ਨਵੇਂ ਕਾਨੂੰਨ ਤੋਂ ਬਾਅਦ ਰਾਜ ਸਰਕਾਰਾਂ ਬਾਜ਼ਾਰ ਉੱਤੇ ਆਪਣੀ ਪਕੜ ਗੁਆ ਦੇਣਗੀਆਂ। ਉਨ੍ਹਾਂ ਕਿਹਾ, “ਇਸ ਨਾਲ, ਕਿਸਾਨ ਦੇ ਝਾੜ ਨੂੰ ਮਾੜੇ ਭਾਅ ਦਾ ਸਾਹਮਣਾ ਕਰਨਾ ਪਏਗਾ। ਇਹ ਸਿਰਫ ਕੁੱਝ ਲੋਕਾਂ ਦੇ ਹੱਥ ਸੀਮਤ ਰਹੇਗਾ।” ਵੀਰਵਾਰ (17 ਸਤੰਬਰ) ਨੂੰ ਲੋਕ ਸਭਾ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਖੇਤੀਬਾੜੀ ਮੰਡੀਕਰਨ ਵਿੱਚ ਸੁਧਾਰਾਂ ਨਾਲ ਸਬੰਧਿਤ ਦੋ ਬਿੱਲ ਪੇਸ਼ ਕੀਤੇ, ਜਿਨ੍ਹਾਂ ਨੂੰ ਬਹਿਸ ਤੋਂ ਬਾਅਦ ਸਦਨ ਨੇ ਪਾਸ ਕਰ ਦਿੱਤਾ। ਬਿੱਲ ਵਿੱਚ ਕਿਹਾ ਗਿਆ ਹੈ ਕਿ ਨਵਾਂ ਕਾਨੂੰਨ ਖੇਤੀਬਾੜੀ ਵਿੱਚ ‘ਲਾਇਸੈਂਸ ਰਾਜ’ ਨੂੰ ਖ਼ਤਮ ਕਰ ਦੇਵੇਗਾ ਅਤੇ ਕਿਸਾਨ ਆਪਣੀ ਪਸੰਦ ਅਨੁਸਾਰ ਆਪਣੀ ਖੇਤੀ ਉਪਜ ਵੇਚਣ ਲਈ ਸੁਤੰਤਰ ਹੋਣਗੇ।