ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਇੱਕ ਇੰਟਰਵਿਊ ਦੌਰਾਨ ਕੰਗਨਾ ਨੇ ਵਿਵਾਦਿਤ ਬਿਆਨ ਦਿੰਦਿਆਂ ਕਿਹਾ ਸੀ ਕਿ ਦੇਸ਼ ਨੂੰ 1947 ਵਿੱਚ ਮਿਲੀ ਆਜ਼ਾਦੀ ਭੀਖ ਹੈ। ਦੇਸ਼ ਨੂੰ ਅਸਲੀ ਆਜ਼ਾਦੀ ਸਾਲ 2014 ਮਿਲੀ ਹੈ।
ਉੱਥੇ ਹੀ ਹੁਣ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਨੇ ਕੰਗਣਾ ਰਣੌਤ ‘ਤੇ ਵਰ੍ਹਦਿਆਂ FIR ਦਰਜ ਕਰਵਾਉਣ ਦੀ ਗੱਲ ਕਹੀ ਹੈ। ਕੁਲਜੀਤ ਨਾਗਰਾ ਨੇ ਕੰਗਣਾ ਰਣੌਤ ਦੇ ਇਸ ਬਿਆਨ ਨੂੰ ਦੇਸ਼ ਧ੍ਰੋਹ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਕੰਗਣਾ ਰਣੌਤ ਖਿਲਾਫ ਦੇਸ਼ ਧ੍ਰੋਹ ਦਾ ਕੇਸ ਦਰਜ ਕਰਨ ਦੀ ਵੀ ਅਪੀਲ ਕੀਤੀ ਹੈ। ਭਾਰਤ ਦੀ ਅਜਾਦੀ ‘ਤੇ ਕੰਗਣਾ ਦੇ ਇਸ ਬਿਆਨ ਨੂੰ ਨਾਗਰਾ ਨੇ RSS ਦਾ ਅਟੈਕ ਦੱਸਿਆ ਹੈ। ਨਾਗਰਾ ਨੇ ਕਿਹਾ ਕਿ ਮੇਰਾ ਪਰਿਵਾਰ ਵੀ ਪਾਕਿਸਤਾਨ ਦੇ ਸਿਆਲਕੋਟ ਜਿਲ੍ਹੇ ਵਿੱਚੋਂ ਸਭ ਕੁੱਝ ਛੱਡ ਕੇ ਆਪਣੇ ਦੇਸ਼ ਅਤੇ ਧਰਮ ਦੀ ਖਾਤਰ ਭਾਰਤ ‘ਚ ਆਇਆ ਸੀ।
ਨਾਗਰਾ ਨੇ ਕਿਹਾ ਕਿ ਕੰਗਣਾ ਰਣੌਤ ਨੂੰ ਜੋ ਅਵਾਰਡ ਦਿੱਤਾ ਗਿਆ ਸੀ ਉਸ ਕਾਰਨ ਹੀ ਦੇਸ਼ ਦੀ BJP ਸਰਕਾਰ ਅਤੇ RSS ਦੇ ਵੱਲੋਂ ਕੰਗਣਾ ਰਣੌਤ ਤੋਂ ਇਹ ਬਿਆਨ ਦਵਾਇਆ ਗਿਆ ਹੈ। ਕਿਉਂਕ ਦੇਸ਼ ਦੀ ਆਜ਼ਾਦੀ ਵਿੱਚ RSS ਦਾ ਰੋਲ ਅੰਗਰੇਜ਼ਾਂ ਨਾਲ ਮਿਲਿਆ ਹੋਇਆ ਸੀ। RSS ਅੰਗਰੇਜ਼ਾ ਨਾਲ ਮਿਲੀ ਹੋਈ ਸੀ। ਨਾਗਰਾ ਨੇ ਕਿਹਾ ਕਿ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਅਤੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਠੇਸ ਪਹੁੰਚਾਉਣ ਲਈ ਕੰਗਣਾ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਦਰਅਸਲ ਇੱਕ ਇੰਟਰਵਿਊ ‘ਚ ਕੰਗਣਾ ਨੇ ਕਿਹਾ ਸੀ ਕਿ ਜੇਕਰ ਆਜ਼ਾਦੀ ਭੀਖ ਵਿੱਚ ਮਿਲੇ ਤਾਂ ਕੀ ਉਹ ਆਜ਼ਾਦੀ ਹੋ ਸਕਦੀ ਹੈ? ਕੰਗਣਾ ਨੇ ਕਿਹਾ ਕਿ ਸਾਵਰਕਰ, ਰਾਣੀ ਲਕਸ਼ਮੀ ਬਾਈ, ਨੇਤਾ ਸੁਭਾਸ਼ ਚੰਦਰ ਬੋਸ ਇਨ੍ਹਾਂ ਲੋਕਾਂ ਦੀ ਗੱਲ ਕਰਾਂ ਤਾਂ ਇਹ ਲੋਕ ਜਾਣਦੇ ਸਨ ਕਿ ਖੂਨ ਵਹੇਗਾ ਪਰ ਇਹ ਵੀ ਯਾਦ ਰਹੇ ਕਿ ਹਿੰਦੁਸਤਾਨੀ-ਹਿੰਦੁਸਤਾਨੀ ਦਾ ਖੂਨ ਨਾ ਵਹਾਏ। ਕੰਗਣਾ ਦੇ ਇਸ ਬਿਆਨ ਦੀ ਕਈ ਵੱਡੇ ਆਗੂਆਂ ਨੇ ਨਿੰਦਾ ਕੀਤੀ ਹੈ। ਕੰਗਨਾ ਰਣੌਤ ‘ਤੇ ਇਸ ਬਿਆਨ ‘ਤੇ ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਵੀ ਨਿਸ਼ਾਨਾ ਸਾਧਿਆ ਹੈ। ਵਰੁਣ ਗਾਂਧੀ ਨੇ ਕੰਗਨਾ ਰਣੌਤ ‘ਤੇ ਨਿਸ਼ਾਨਾ ਸਾਧਦਿਆਂ ਉਸ ‘ਤੇ ਆਜ਼ਾਦੀ ਘੁਲਾਟੀਆਂ ਦੇ ਅਪਮਾਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਕੰਗਨਾ ਦੀ ਇਸ ਸੋਚ ਨੂੰ ਮੈਂ ਪਾਗਲਪਨ ਕਹਾਂ ਜਾਂ ਫਿਰ ਦੇਸ਼ਧ੍ਰੋਹ।
ਵੀਡੀਓ ਲਈ ਕਲਿੱਕ ਕਰੋ -: