ਪੰਜਾਬ ਵਿੱਚ ਕਾਂਗਰਸ ਨੂੰ ਇਕ ਹੋਰ ਝਟਕਾ ਲੱਗ ਸਕਦਾ ਹੈ। ਰਿਪੋਰਟਾਂ ਹਨ ਕਿ ਪਨਗ੍ਰੇਨ ਦੀ ਚੇਅਰਮੈਨੀ ਤੋਂ ਅਸਤੀਫਾ ਦੇਣ ਮਗਰੋਂ ਲਾਲੀ ਮਜੀਠੀਆ ਜਲਦ ਹੀ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ।
ਲਾਲੀ ਮਜੀਠੀਆ ਨੇ ਵੀਰਵਾਰ ਨੂੰ ਪਨਗ੍ਰੇਨ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਲਾਲੀ ਮਜੀਠੀਆ ਨੇ ਖੁਦ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੁੱਝ ਨਿੱਜੀ ਕਾਰਨਾਂ ਕਰਕੇ ਉਨ੍ਹਾਂ ਨੇ ਇਹ ਅਹੁਦਾ ਛੱਡਿਆ ਹੈ। ਹਾਲਾਂਕਿ ਹੁਣ ਚਰਚਾ ਹੈ ਕਿ ਲਾਲੀ ਮਜੀਠੀਆ ਨੇ ਇਹ ਕਦਮ ਕਾਂਗਰਸ ‘ਚ ਚੱਲ ਰਹੇ ਸੱਤਾ ਸੰਘਰਸ਼ ਦੇ ਮੱਦੇਨਜ਼ਰ ਚੁੱਕਿਆ ਹੈ। ਹੁਣ ਉਹ ਜਲਦੀ ਹੀ ਭਾਜਪਾ ‘ਚ ਸ਼ਾਮਿਲ ਹੋ ਸਕਦੇ ਹਨ। ਹਾਲਾਂਕਿ ਗੱਲਬਾਤ ‘ਚ ਉਨ੍ਹਾਂ ਨੇ ਭਾਜਪਾ ‘ਚ ਸ਼ਾਮਿਲ ਹੋਣ ਅਤੇ ਚੋਣ ਲੜਨ ਦੀ ਗੱਲ ਨਹੀਂ ਕੀਤੀ।
ਲਾਲੀ ਮਜੀਠੀਆ ਨੇ ਕਿਹਾ ਕਿ ਉਹ ਮੌਜੂਦਾ ਸਰਕਾਰ ਤੋਂ ਸੰਤੁਸ਼ਟ ਨਹੀਂ ਹਨ। ਇਸ ਕਾਰਨ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਹੈ। ਪੰਜਾਬ ‘ਚ ਅਗਲੀਆਂ ਵਿਧਾਨ ਸਭਾ ਚੋਣਾਂ ਲੜਨ ਬਾਰੇ ਪੁੱਛੇ ਜਾਣ ‘ਤੇ ਲਾਲੀ ਮਜੀਠੀਆ ਨੇ ਕਿਹਾ ਕਿ ਚੋਣਾਂ ਦਾ ਸਮਾਂ ਆਉਣ ‘ਤੇ ਦੇਖਿਆ ਜਾਵੇਗਾ। ਲਾਲੀ ਮਜੀਠੀਆ ਮਾਝੇ ਦੇ ਸੀਨੀਅਰ ਕਾਂਗਰਸੀ ਆਗੂ ਮੰਨੇ ਜਾਂਦੇ ਹਨ। ਉਹ ਮਜੀਠਾ ਹਲਕੇ ਤੋਂ ਚੋਣ ਲੜ ਚੁੱਕੇ ਹਨ। ਹਾਲਾਂਕਿ ਮਾਝਾ ਖੇਤਰ ਵਿੱਚ ਇਸ ਵੇਲੇ ਕਾਂਗਰਸ ਦੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ ਅਤੇ ਸੁੱਖ ਸਰਕਾਰੀਆ ਦਾ ਦਬਦਬਾ ਹੈ।
ਵੀਡੀਓ ਲਈ ਕਲਿੱਕ ਕਰੋ -: